ਪੀ.ਐਨ.ਬੀ 'ਚ ਇੱਕ ਹੋਰ ਘਪਲਾ ਆਇਆ ਸਾਹਮਣੇ

ਮੁੰਬਈ: ਪੰਜਾਬ ਨੈਸ਼ਨਲ ਬੈਂਕ ਨੇ ਮੁੰਬਈ ਬਰਾਂਚ ‘ਚ ਇੱਕ ਹੋਰ ਧੋਖਾਧੜੀ ਦਾ ਪਤਾ ਲਾਇਆ ਹੈ। ਪੀਐਨਬੀ ਨੇ ਕਰੀਬ 9.9 ਕਰੋੜ ਦੀ ਇੱਕ ਹੋਰ ਧੋਖਾਧੜੀ ਦਾ ਪਤਾ ਲਾਇਆ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਘਪਲਾ ਕਰਨ ਵਾਲੇ ਲੋਕਾਂ ਦੀ ਭਾਲ ਜਾਰੀ ਹੈ। 



ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ‘ਚ ਤਕਰੀਬਨ 12 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਕੇਸ ਦੀ ਜਾਂਚ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਮੇਤ ਕਈ ਹੋਰ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਡਾਇਰੈਕਟੋਰੇਟ ਨੇ ਐਕਟ ਤਹਿਤ ਕਾਰਵਾਈ ਕਰਦੇ ਸਮੇਂ ਜਾਇਦਾਦ ਦੀ ਕੁਰਕੀ ਦੇ ਆਰਡਰ ਦਿਤਾ ਸੀ।



ਇਨ੍ਹਾਂ ਸੰਪਤੀਆਂ ‘ਚ ਮੁੰਬਈ ਦੇ 15 ਫਲੈਟ ਤੇ 17 ਦਫਤਰ ਕੰਪਲੈਕਸ ਤੋਂ ਬਿਨ੍ਹਾਂ ਅਲੀਬਾਗ ‘ਚ ਇਕ ਚਾਰ ਕਿੱਲੇ ਦਾ ਫਾਰਮ ਹਾਊਸ, ਕੋਲਕਾਤਾ ਵਿਚ ਇਕ ਮੌਲ, ਨਾਸਿਕ, ਨਾਗਪੁਰ, ਪਨਵੇਲ ਤੇ ਤਾਮਿਲਨਾਡੂ ਦੇ ਵਿਲਲੀਪੁਰਮ ਵਿੱਚ 231 ਏਕੜ ਦੀ ਜਾਇਦਾਦ ਸ਼ਾਮਲ ਹੈ। ਈਡੀ ਮੁਤਾਬਕ ਹੈਦਰਾਬਾਦ ਦੇ ਰੰਗਾ ਰੈਡੀ ਜ਼ਿਲ੍ਹੇ ਵਿਚ 170 ਏਕੜ ਦੇ ਪਾਰਕ ਦੀ ਵੀ ਕੁਰਕੀ ਕੀਤੀ ਗਈ ਹੈ ਜਿਸ ਦੀ ਕੀਮਤ 500 ਕਰੋੜ ਰੁਪਏ ਤੋਂ ਵੱਧ ਹੈ।