ਪੀ.ਐੱਨ.ਬੀ ਘੋਟਾਲਾ : ਸੀ.ਬੀ.ਆਈ ਨੇ ਗੀਤਾਂਜਲੀ ਗਰੁੱਪ ਦੇ ਉਪ ਮੁਖੀ ਨੂੰ ਕੀਤਾ ਗ੍ਰਿਫ਼ਤਾਰ

ਮੁੰਬਈ : ਦੇਸ਼ ਦੀ ਦੂਜੀ ਵੱਡੀ ਬੈਂਕ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਮਾਮਲੇ 'ਚ ਸੀ.ਬੀ.ਆਈ. ਵਲੋਂ ਗ੍ਰਿਫ਼ਤਾਰੀਆਂ ਲਗਾਤਾਰ ਜ਼ਾਰੀ ਹਨ। ਸੀ.ਬੀ.ਆਈ ਨੇ ਪੀ.ਐੱਨ.ਬੀ ਘੋਟਾਲੇ 'ਚ ਗੀਤਾਂਜਲੀ ਗਰੁੱਪ ਦੇ ਉਪ ਮੁਖੀ ਵਿਪੁਲ ਚਿਤਾਲੀਆ ਨੂੰ ਹਿਰਾਸਤ 'ਚ ਲਿਆ। ਵਿਪੁਲ ਚਿਤਾਲੀਆ ਦੀ ਗ੍ਰਿਫ਼ਤਾਰੀ ਬਾਰੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੀਤਾਂਜਲੀ ਗਰੁੱਪ ਦੇ ਉਪ ਮੁਖੀ ਵਿਪੁਲ ਚਿਤਾਲੀਆ ਨੂੰ ਮੁੰਬਈ ਹਵਾਈ ਅੱਡੇ ਤੋਂ ਫੜਿਆ ਗਿਆ ਹੈ ਅਤੇ ਬਾਂਦ੍ਰਾ-ਕੁਰਲਾ ਕੰਪਲੈਕਸ ਸਥਿਤ ਸੀ. ਬੀ. ਆਈ. ਦਫਤਰ 'ਚ ਪੁੱਛਗਿੱਛ ਲਈ ਲਿਆਂਦਾ ਗਿਆ। ਪੁੱਛਗਿੱਛ ਦੌਰਾਨ ਵਿਪੁਲ ਚਿਤਾਲੀਆ ਦੀ ਕਥਿਤ ਭੂਮਿਕਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।



 ਜ਼ਿਕਰਯੋਗ ਹੈ ਕਿ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦਾ ਰਿਸ਼ਤੇਦਾਰ ਗੀਤਾਂਜਲੀ ਜੇਮਸ ਦਾ ਚੇਅਰਮੈਨ ਮੇਹੁਲ ਚੌਕਸੀ 'ਤੇ ਪੀ. ਐੱਨ. ਬੀ. ਦੇ ਨਾਲ 12,400 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। 



ਚੌਕਸੀ ਅਤੇ ਮੋਦੀ ਨੇ ਫਰਜ਼ੀ ਐੱਲ. ਓ. ਯੂ. ਦੇ ਆਧਾਰ 'ਤੇ ਪੀ. ਐੱਨ. ਬੀ. ਨੂੰ ਕਰੋੜਾਂ ਦਾ ਚੂਨਾ ਲਾਇਆ ਹੈ। ਪੀ. ਐੱਨ. ਬੀ. ਦੇ ਦੋਸ਼ੀ ਅਧਿਕਾਰੀਆਂ ਨੇ ਜਾਂਚ ਤੋਂ ਬਚਣ ਲਈ ਇਨ੍ਹਾਂ ਐੱਲ. ਓ. ਯੂ. ਦੀ ਐਂਟਰੀ ਬੈਂਕਿੰਗ ਕੋਰ ਸਿਸਟਮ 'ਚ ਨਹੀਂ ਕੀਤੀ, ਜਿਸ ਕਾਰਨ ਘੋਟਾਲਾ ਕਈ ਸਾਲਾਂ ਤਕ ਚੱਲਦਾ ਰਿਹਾ।