ਚੰਡੀਗੜ੍ਹ : ਪੀਜੀਆਈ ਦੇ ਜੂਨੀਅਰ ਰੈਜ਼ੀਡੈਂਟ ਡਾਕਟਰ ਨੇ ਨਿਊ ਡਾਕਟਰ ਹੋਸਟਲ ਵਿਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹੋਸਟਲ ਦੇ ਕਮਰਾ ਨੰ. 205 'ਚ ਰੱਸੀ 'ਤੇ ਲਟਕ ਰਹੇ ਡਾਕਟਰ ਨੂੰ ਉਤਾਰਿਆ ਅਤੇ ਪੀਜੀਆਈ ਦੀ ਐਮਰਜੈਂਸੀ 'ਚ ਲੈ ਕੇ ਗਏ, ਪਰ ਉਦੋਂ ਤੱਕ ਡਾਕਟਰ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਡਾਕਟਰ ਦੀ ਪਛਾਣ ਤਾਮਿਲਨਾਡੂ ਦੇ ਰਮੇਸ਼ਵਰਮ ਨਿਵਾਸੀ 25 ਸਾਲ ਦੇ ਕ੍ਰਿਸ਼ਨ ਪ੍ਰਸਾਦ ਦੇ ਰੂਪ 'ਚ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਅਤੇ ਡੀਐੱਸਪੀ ਰਾਮਗੋਪਾਲ ਨੇ ਮੌਕੇ 'ਤੇ ਪੁੱਜ ਕੇ ਡਾਕਟਰ ਦੇ ਕਮਰੇ ਦੀ ਜਾਂਚ ਕੀਤੀ ਪਰ ਕਮਰੇ 'ਚੋਂ ਕੋਈ ਖੁਦਕੁਸ਼ੀ ਪੱਤਰ ਨਹੀਂ ਮਿਲਿਆ। ਪੁਲਿਸ ਅਨੁਸਾਰ ਉਕਤ ਡਾਕਟਰ ਨੇ 1 ਜਨਵਰੀ 2018 'ਚ ਰੇਡੀਓਲਾਜੀ ਵਿਭਾਗ 'ਚ ਐੱਮਡੀ ਕੋਰਸ 'ਚ ਦਾਖਲਾ ਲਿਆ ਸੀ। ਸੈਕਟਰ-11 ਥਾਣਾ ਪੁਲਸ ਨੇ ਡਾਕਟਰ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾ ਕੇ ਘਟਨਾ ਦੀ ਸੂਚਨਾ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਵਾਰਿਸਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਕ੍ਰਿਸ਼ਣ ਪ੍ਰਸਾਦ ਸੋਮਵਾਰ ਸਵੇਰੇ ਡਿਊਟੀ 'ਤੇ ਨਹੀਂ ਆਇਆ ਸੀ। ਉਹ ਫੋਨ ਵੀ ਨਹੀਂ ਚੁੱਕ ਰਿਹਾ ਸੀ। ਰੇਡੀਓਲਾਜੀ ਵਿਭਾਗ ਦੇ ਡਾਕਟਰਾਂ ਨੇ ਤੁਰੰਤ ਨਿਊ ਡਾਕਟਰ ਹੋਸਟਲ ਦੇ ਵਾਰਡਨ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਸੁਰੱਖਿਆ ਗਾਰਡ ਨੇ ਕਮਰਾ ਖੜਕਾਇਆ ਤਾਂ ਡਾਕਟਰ ਨੇ ਅੰਦਰੋਂ ਨਾ ਖੋਲ੍ਹਿਆ। ਇੰਨੇ 'ਚ ਹੋਰ ਡਾਕਟਰ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ। ਪੁਲਸ ਦੇ ਆਉਣ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਖੋਲ੍ਹਣ 'ਤੇ ਡਾਕਟਰ ਵੱਲੋਂ ਖੁਦਕੁਸ਼ੀ ਦਾ ਪਤਾ ਲੱਗਿਆ।
ਡੀਐੱਸਪੀ ਸੈਂਟਰਲ ਰਾਮਗੋਪਾਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਸਾਢੇ 9 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਪੀਜੀਆਈ ਦੇ ਨਿਊ ਡਾਕਟਰ ਹੋਸਟਲ ਦੇ ਕਮਰੇ ਨੰ. 205 'ਚ ਰਹਿਣ ਵਾਲਾ ਡਾਕਟਰ ਕ੍ਰਿਸ਼ਣ ਪ੍ਰਸਾਦ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਵੇਖਿਆ ਤਾਂ ਡਾਕਟਰ ਨੇ ਰੱਸੀ ਨਾਲ ਫਾਹਾ ਲਾਇਆ ਹੋਇਆ ਸੀ।