ਪ੍ਰਣਬ ਮੁਖਰਜੀ ਨੇ ਦੱਸਿਆ 2004 'ਚ ਕਿਉਂ ਨਹੀਂ ਆ ਸਕੀ ਸੀ ਬੀਜੇਪੀ ਸਰਕਾਰ

ਨਵੀਂ ਦਿੱਲੀ : ਗੁਜਰਾਤ ਵਿਚ 2002 ਵਿਚ ਹੋਏ ਦੰਗੇ ਅਟਲ ਬਿਹਾਰੀ ਵਾਜਪਾਈ ਸਰਕਾਰ ‘ਤੇ ਸੰਭਾਵਿਤ ਸਭ ਤੋਂ ਵੱਡਾ ਧੱਬਾ ਸਨ ਅਤੇ ਇਸ ਦੇ ਕਾਰਨ ਹੀ 2004 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਨੁਕਸਾਨ ਉਠਾਉਣਾ ਪਿਆ ਸੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਇਹੀ ਮੰਨਣਾ ਹੈ। ਆਪਣੀ ਆਤਮਕਥਾ ‘ਦ ਕੋਅਲਿਸ਼ਨ ਈਅਰਜ਼ 1996-2012’ ਦੇ ਤੀਜੇ ਐਡੀਸ਼ਨ ਵਿਚ ਉਨ੍ਹਾਂ ਨੇ ਇਸ ਸਬੰਧੀ ਲਿਖਿਆ ਹੈ।

ਉਨ੍ਹਾਂ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਵਾਜਪਾਈ ਸਰਕਾਰ ਦੀ ਇਸ ਪੂਰੇ ਸਮੇਂ ਵਿਚ ਆਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦੀ ਮੰਗ ਜ਼ੋਰ ਫੜਦੀ ਰਹੀ। ਵਧੇ ਸੰਪਰਦਾਇਕ ਤਣਾਅ ਦਾ ਗੁਜਰਾਤ ਵਿਚ ਕਾਫ਼ੀ ਬੁਰਾ ਅਸਰ ਪਿਆ ਜੋ 2002 ਵਿਚ ਹੋਏ ਸੰਪਰਦਾਇਕ ਦੰਗਿਆਂ ਦੇ ਰੂਪ ਵਿਚ ਦੇਖਣ ਨੂੰ ਮਿਲਿਆ। ਮੁਖਰਜੀ ਨੇ ਅਧਿਆਏ ‘ਫਸਟ ਫੁੱਲ ਟਰਮ ਨਾਨ ਕਾਂਗਰਸ ਗਵਰਨਮੈਂਟ’ ਵਿਚ ਲਿਖਿਆ ਹੈ ਕਿ ਗੋਧਰਾ ਵਿਚ ਦੰਗੇ ਸ਼ੁਰੂ ਹੋਏ, ਜਿਸ ਵਿਚ ਸਾਬਰਮਤੀ ਐਕਸਪ੍ਰੈੱਸ ਦੇ ਇੱਕ ਡੱਬੇ ਵਿਚ ਲੱਗੀ ਅੱਗ ਵਿਚ 58 ਲੋਕ ਜਲ ਕੇ ਮਰ ਗਏ। 

ਸਾਰੇ ਪੀੜਤ ਆਯੋਧਿਆ ਤੋਂ ਪਰਤ ਰਹੇ ਹਿੰਦੂ ਕਾਰ ਸੇਵਕ ਸਨ। ਇਸ ਨਾਲ ਗੁਜਰਾਤ ਦੇ ਕਈ ਸ਼ਹਿਰਾਂ ਵਿਚ ਵੱਡੇ ਪੱਧਰ ‘ਤੇ ਦੰਗੇ ਭੜਕ ਉੱਠੇ ਸਨ। ਉਨ੍ਹਾਂ ਲਿਖਿਆ ਕਿ ਸੰਭਾਵਿਤ ਤੌਰ ‘ਤੇ ਵਾਜਪਾਈ ਸਰਕਾਰ ‘ਤੇ ਲੱਗਿਆ ਇਹ ਸਭ ਤੋਂ ਵੱਡਾ ਧੱਬਾ ਸੀ, ਜਿਸ ਦੇ ਕਾਰਨ ਸ਼ਾਇਦ ਭਾਜਪਾ ਨੂੰ ਅਗਾਮੀ ਚੋਣਾਂ ਵਿਚ ਨੁਕਸਾਨ ਉਠਾਉਣਾ ਪਿਆ। ਮੁਖ਼ਰਜੀ ਨੇ ਕਿਹਾ ਕਿ ਵਾਜਪਾਈ ਇੱਕ ਵਧੀਆ ਸਾਂਸਦ ਰਹੇ। 

ਭਾਸ਼ਾ ‘ਤੇ ਸ਼ਾਨਦਾਰ ਪਕੜ ਦੇ ਨਾਲ ਉਹ ਇੱਕ ਸ਼ਾਨਦਾਰ ਬੁਲਾਰੇ ਵੀ ਰਹੇ ਹਨ। ਵਾਜਪਾਈ ਤੁਰੰਤ ਹੀ ਲੋਕਾਂ ਦੇ ਨਾਲ ਜੁੜ ਜਾਣ ਅਤੇ ਉਨ੍ਹਾਂ ਨੂੰ ਨਾਲ ਲਿਜਾਣ ਦੀ ਕਲਾ ਵਿਚ ਮਾਹਿਰ ਰਹੇ ਹਨ।ਮੁਖਰ਼ਜੀ ਨੇ ਲਿਖਿਆ ਕਿ ਉਸ ਦੌਰਾਨ ਰਾਜਨੀਤੀ ਵਿਚ ਲੋਕਾਂ ਦਾ ਭਰੋਸਾ ਮਿਲ ਰਿਹਾ ਸੀ ਅਤੇ ਇਸ ਪ੍ਰਕਿਰਿਆ ਵਿਚ ਉਹ ਦੇਸ਼ ਵਿਚ ਆਪਣੀ ਪਾਰਟੀ, ਸਹਿਯੋਗੀਆਂ ਅਤੇ ਵਿਰੋਧੀਆਂ ਸਾਰਿਆਂ ਦਾ ਸਨਮਾਨ ਲੈ ਰਹੇ ਸਨ। ਉਥੇ ਵਿਦੇਸ਼ ਵਿਚ ਉਨ੍ਹਾਂ ਨੇ ਭਾਰਤ ਦੀ ਸੁਹਿਰਦਤਾਪੂਰਨ ਛਵ੍ਹੀ ਪੇਸ਼ ਕੀਤੀ ਅਤੇ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਦੇਸ਼ ਨੂੰ ਦੁਨੀਆ ਨਾਲ ਜੋੜਿਆ।

 ਪ੍ਰਭਾਵਸ਼ਾਲੀ ਅਤੇ ਨਿਮਰਤਾ ਰਾਜਨੇਤਾ ਵਾਜਪਾਈ ਨੇ ਹਮੇਸ਼ਾਂ ਦੂਜਿਆਂ ਨੂੰ ਉਨ੍ਹਾਂ ਦੇ ਕਾਰਜਾਂ ਦਾ ਸਿਹਰਾ ਦਿੱਤਾ।ਮੁਖਰਜੀ ਦੀ ਕਿਤਾਬ ਦੇ ਅਧਿਆਏ ਦੇ ਅਨੁਸਾਰ ਸੁਧਾਰ ਦੀ ਸ਼ੁਰੂਆਤ ਅਸੀਂ ਨਹੀਂ ਕੀਤੀ, ਨਰਸਿਮ੍ਹਾ ਰਾਓ ਸਰਕਾਰ ਦੁਆਰਾ ਸ਼ੁਰੂ ਕਤੀ ਗਈ ਅਤੇ ਦੋ ਸਾਂਝੇ ਮੋਰਚੇ ਸਰਕਾਰਾਂ ਦੁਆਰਾ ਜਾਰੀ ਰੱਖੀ ਗਈ ਪ੍ਰਕਿਰਿਆ ਨੂੰ ਅੱਗੇ ਵਧਾ ਰਹੇ ਹਨ ਪਰ ਅਸੀਂ ਸੁਧਾਰ ਪ੍ਰਕਿਰਿਆ ਨੂੰ ਵੱਡੇ ਪੱਧਰ ਅਤੇ ਹੋਰ ਗਹਿਰਾ ਬਣਾਉਣ ਅਤੇ ਇਸ ਨੂੰ ਰਫ਼ਤਾਰ ਦੇਣ ਦਾ ਸਿਹਰਾ ਜ਼ਰੂਰ ਲੈਂਦੇ ਹਾਂ। 

ਮੁਖ਼ਰਜੀ ਮੁਤਾਬਕ ਵਾਜਪਾਈ ਨੇ ਕਦੇ ਵੀ ਰਾਜਨੀਤਕ ਵਿਰੋਧੀਆ ਨੂੰ ਵਿਅਕਤੀਗਤ ਤੌਰ ‘ਤੇ ਨਹੀਂ ਲਿਆ।ਮੁਖ਼ਰਜੀ ਦਾ ਕਹਿਣਾ ਹੈ ਕਿ 2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਸਰਕਾਰ ਫਿਰ ਤੋਂ ਸੱਤਾ ਵਿਚ ਆ ਗਈ। ਕਾਂਗਰਸ ਅਤੇ ਕਈ ਹੋਰ ਗ਼ੈਰ ਭਾਜਪਾਈ ਪਾਰਟੀਆਂ ਦੀ ਜਿੱਤ ਨੇ ਕਈ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ। ਕਈ ਚੋਣ ਮਾਹਿਰਾਂ ਨੇ ਐੱਨਡੀਏ ਦੀ ਸਪੱਸ਼ਟ ਜਿੱਤ ਦੀ ਭਵਿੱਖਬਾਣੀ ਕੀਤੀ ਸੀ। 2004 ਦੀ ਫਰਵਰੀ ਵਿਚ ਇੱਕ ਚੈਨਲ ਦੇ ਸਰਵੇਖਣ ਵਿਚ ਵਾਜਪਾਈ ਦੀ ਅਗਵਾਈ ਵਾਲੇ ਗਠਜੋੜ ਦੀ ਸਪੱਸ਼ਟ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ।

ਮੁਖਰਜੀ ਦੇ ਮੁਤਾਬਕ ਚੋਣ ਸਰਵੇਖਣ ਦਾ ਵਿਸ਼ਲੇਸਣ ਕਰਦੇ ਹੋਏ ਪੱਤ੍ਰਿਕਾ ਨੇ ਲਿਖਆ ਸੀ, ਪ੍ਰਧਾਨ ਮੰਤਰੀ ਲੋਕਪ੍ਰਿਯਤਾ ਅਤੇ ਅਰਥਵਿਵਸਥਾ ਵਿਚ ਤੇਜ਼ੀ ਦੀ ਲਹਿਰ ‘ਤੇ ਸਵਾਰ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਅਗਾਮੀ ਚੋਣਾਂ ਵਿਚ ਸਪੱਸ਼ਟ ਜਿੱਤ ਹਾਸਲ ਕਰਨ ਲਈ ਤਿਆਰ ਨਜ਼ਰ ਆ ਰਿਹਾ ਹੈ। ਮੁਖ਼ਰਜੀ ਨੇ ਲਿਖਿਆ ਕਿ ਐੱਨਡੀਏ ਦਾ ਆਤਮ ਵਿਸਵਾਸ਼ ਹਿੱਲ ਗਿਆ ਸੀ। ਉਸ ਦੇ ‘ਸ਼ਾਈਨਿੰਗ ਇੰਡੀਆ’ ਅਭਿਆਨ ਦਾ ਨਤੀਜਾ ਬਿਲਕੁੱਲ ਉਲਟ ਨਿਕਲਿਆ ਸੀ ਅਤੇ ਭਾਜਪਾ ਵਿਚ ਨਿਰਾਸ਼ਾ ਦੀ ਲਹਿਰ ਛਾ ਗਈ ਸੀ। 

  ਜਿਸ ਦੇ ਕਾਰਨ ਵਾਜਪਾਈ ਨੇ ਦੁਖੀ ਹੋ ਕੇ ਕਿਹਾ ਸੀ ਕਿ ਉਹ ਕਦੇ ਵੀ ਵੋਟਰ ਦੇ ਮਨ ਨੂੰ ਨਹੀਂ ਸਮਝ ਸਕਦੇ।ਮੁਖ਼ਰਜੀ ਨੇ ਨਾਲ ਹੀ ਯਾਦ ਕੀਤਾ ਕਿ 2004 ਦੀਆਂ ਆਮ ਚੋਣਾਂ ਅਕਤੂਬਰ ਵਿਚ ਹੋਣੀਆਂ ਸਨ, ਪਰ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣ ਵਿਚ ਮਿਲੀ ਜਿੱਤ ਨੂੰ ਦੇਖਦੇ ਹੋਏ ਛੇ ਮਹੀਨੇ ਪਹਿਲਾਂ ਹੀ ਚੋਣਾਂ ਕਰਵਾ ਲਈਆਂ ਸਨ। 

ਹਾਲਾਂਕਿ ਦਿੱਲੀ ਵਿਚ ਉਸ ਨੂੰ ਕਾਂਗਰਸ ਦੇ ਹੱਥੋਂ ਹਾਰ ਮਿਲੀ ਸੀ। ਮੁਖਰਜੀ ਨੇ ਕਿਹਾ ਕਿ ਮਹੱਤਵਪੂਰਨ ਰਾਜਾਂ ਵਿਚ ਜਿੱਤ ਦੇ ਕਾਰਨ ਭਾਜਪਾ ਵਿਚ ਖ਼ੁਸ਼ੀ ਦੀ ਲਹਿਰ ਸੀ। ਹਾਲਾਂਕਿ ਕੁਝ ਲੋਕਾਂ ਨੇ ਇਨ੍ਹਾਂ ਨਤੀਜਿਆਂ ਨੂੰ ਰਾਸ਼ਟਰੀ ਰੁਝਾਨ ਸਮਝਣ ਦੀ ਭੁੱਲ ਨਾ ਕਰਨ ਦੀ ਸਲਾਹ ਵੀ ਦਿੱਤੀ ਸੀ।