ਬਠਿੰਡਾ, 10 ਜਨਵਰੀ (ਸੁਖਜਿੰਦਰ ਮਾਨ): ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਸਰਕਾਰ ਪ੍ਰਤੀ ਪੈਦਾ ਹੋਏ ਰੋਸ ਨੂੰ ਠੰਢਾ ਕਰਨ ਲਈ ਪ੍ਰਸ਼ਾਸਨ ਨੇ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਦਸਣÎਾ ਬਣਦਾ ਹੈ ਕਿ ਥਰਮਲ ਦੇ ਕੱਚੇ ਕਾਮਿਆਂ ਦਾ ਥਰਮਲ ਕੰਟਰਕੈਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਬੈਨਰ ਹੇਠ ਪੱਕਾ ਮੋਰਚਾ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ। ਇਸ ਤੋਂ ਇਲਾਵਾ ਇਨ੍ਹਾਂ ਕਾਮਿਆਂ ਵਲੋਂ ਪਰਵਾਰਾਂ ਸਹਿਤ ਦੇਰ ਸ਼ਾਮ ਸਥਾਨਕ ਹਜ਼ੂਰਾ-ਕਪੂਰਾ ਕਾਲੋਨੀ 'ਚ ਜਾਗੋ ਮਾਰਚ ਕੱਢ ਕੇ ਸਰਕਾਰ ਪ੍ਰਤੀ ਅਪਣਾ ਰੋਸ ਦਿਖਾਇਆ ਗਿਆ। ਥਰਮਲ ਕਾਮਿਆਂ ਦੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭੱਖਦੇ ਸੰਘਰਸ਼ ਨੂੰ ਠੰਢਾ ਕਰਨ ਲਈ ਆਉਣ ਵਾਲੇ ਤਿੰਨ-ਚਾਰ ਦਿਨਾਂ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਇਨ੍ਹਾਂ ਦੇ ਆਗੂਆਂ ਦੀ ਮੀਟਿੰਗ ਕਰਵਾਈ ਜਾ ਰਹੀ ਹੈ। ਸੂਚਨਾ ਮੁਤਾਬਕ ਆਗਾਮੀ ਸਨਿਚਰਵਾਰ ਜਾਂ ਐਤਵਾਰ ਵਿੱਤ ਮੰਤਰੀ ਬਠਿੰਡਾ ਪੁੱਜ ਰਹੇ ਹਨ ਜਿੱਥੇ ਦੋਹਾਂ ਧਿਰਾਂ ਵਿਚ ਆਹਮੋ-ਸਾਹਮਣੀ ਗੱਲ ਹੋਣ ਦੀ ਸੰਭਾਵਨਾ ਹੈ। ਇਸ ਮੁੱਦੇ ਨੂੰ ਲੈ ਕੇ ਬੀਤੇ ਕਲ ਥਰਮਲ ਕਾਮਿਆਂ ਵਲੋਂ ਡਿਪਟੀ ਕਮਿਸ਼ਨਰ ਦੀਪਾਰਵਾ ਲਾਕੜਾ ਨਾਲ ਮੀਟਿੰਗ ਕੀਤੀ ਸੀ ਜਿਨ੍ਹਾਂ ਅੱਜ ਸਰਕਾਰ ਨਾਲ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿਤਾ ਸੀ। ਇਸ ਤੋਂ ਇਲਾਵਾ ਅੱਜ ਇਹ ਕਾਮੇ ਐਸ.ਪੀ. ਸਿਟੀ ਗੁਰਮੀਤ ਸਿੰਘ ਨੂੰ ਵੀ ਇਸ ਸਬੰਧ ਵਿਚ ਮਿਲੇ ਸਨ। ਜ਼ਿਕਰਯੋਗ ਹੈ ਕਿ ਥਰਮਲ ਕਾਮਿਆਂ ਦੇ ਸੰਘਰਸ਼ ਦੇ ਚੱਲਦੇ ਵਿੱਤ ਮੰਤਰੀ ਵੀ ਪਿਛਲੇ ਦੋ ਹਫ਼ਤਿਆਂ ਤੋਂ ਸ਼ਹਿਰ ਵਿਚ ਘੱਟ ਵਿਚਰ ਰਹੇ ਹਨ। ਇਨ੍ਹਾਂ ਕਾਮਿਆਂ ਨੇ ਉਨ੍ਹਾਂ ਨੂੰ ਘੇਰਨ ਅਤੇ ਕਾਲੀਆਂ ਝੰਡੀਆਂ ਵਿਖਾਉਣ ਦਾ ਐਲਾਨ ਕੀਤਾ ਹੋਇਆ ਹੈ। ਦੂਜੇ ਪਾਸੇ ਪੱਕੇ ਕਾਮਿਆਂ ਤੇ ਇੰਜੀਨੀਅਰਾਂ ਵਲੋਂ ਅਲੱਗ ਤੋਂ ਗੇਟ ਰੈਲੀਆਂ ਜਾਰੀ ਰੱਖੀਆਂ ਹੋਈਆਂ ਹਨ।