ਅੰਮ੍ਰਿਤਸਰ, 9 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਦੇਸ਼-ਵਿਦੇਸ਼ 'ਚ ਪ੍ਰਸਿੱਧ ਪੰਜਾਬ ਦੇ ਸ਼ਹਿਨਸ਼ਾਹ ਸੂਫੀ ਗਾਇਕ ਪਿਆਰੇ ਲਾਲ ਵਡਾਲੀ (75) ਦਾ ਅੱਜ ਦਿਲ ਦਾ ਦੌਰਾ ਪੈਣ ਤੇ ਦਿਹਾਂਤ ਹੋ ਗਿਆ। ਉਹ ਪਿਛਲੇ ਦਿਨਾਂ ਤੋਂ ਬਿਮਾਰ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ ਜੋ ਅੰਮ੍ਰਿਤਸਰ ਦੇ ਪ੍ਰਸਿੱਧ ਐਸਕੋਰਟ ਹਸਪਤਾਲ ਵਿਖੇ ਦਾਖ਼ਲ ਸਨ। ਵਡਾਲੀ ਬ੍ਰਦਰਜ਼ ਵਜੋਂ ਮਸ਼ਹੂਰ ਪਿਆਰੇ ਲਾਲ ਪੂਰਨ ਚੰਦ ਵਡਾਲੀ ਦੇ ਛੋਟੇ ਭਰਾ ਸਨ। ਉਨ੍ਹਾ ਦੀ ਮੌਤ ਨਾਲ ਵਡਾਲੀ ਬ੍ਰਦਰਜ਼ ਦੀ ਜੋੜੀ ਅੱਜ ਟੁੱਟ ਗਈ। ਪਿਆਰੇ ਲਾਲ ਵਡਾਲੀ ਦੀ ਮੌਤ ਦਾ ਪਤਾ ਲੱਗਣ ਤੇ ਇਲਾਕੇ ਅਤੇ ਵਡਾਲੀ ਦੀ ਦੁਨੀਆਂ 'ਚ ਸਨਾਟਾ ਛਾਅ ਗਿਆ। ਉਨ੍ਹਾਂ ''ਕਾਫ਼ੀਆਂ'' ''ਗਜ਼ਲ'' ਤੇ ''ਭਜਨ'' ਸੂਫ਼ੀ ਗਾਇਕੀ 'ਚ ਗਾ ਕੇ ਖੂਬ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਅਪਣੇ ਪਿਛੇ ਪਤਨੀ ਸੁਰਜੀਤ ਕੌਰ, ਦੋ ਬੇਟੇ ਸਤਪਾਲ ਸਿੰਘ, ਸੰਦੀਪ ਸਿੰਘ, ਤਿੰਨ ਬੇਟੀਆਂ ਸ਼ੀਲਾ, ਰਾਜ ਰਾਣੀ, ਸੋਮਾ ਰਾਣੀ ਛੱਡ ਗਏ। ਪ੍ਰਸਿੱਧ ਕਲਾਕਾਰ ਲਖਵਿੰਦਰ ਵਡਾਲੀ ਉਨ੍ਹਾਂ ਦੇ ਸਕੇ ਭਤੀਜੇ ਸਨ। ਪੂਰਨ ਚੰਦ ਤੇ ਪਿਆਰੇ ਲਾਲ ਦੀ ਬਦੌਲਤ ਪਿੰਡ ਗੁਰੂ ਕੀ ਵਡਾਲੀ ਨਜ਼ਦੀਕ ਛੇਹਰਟਾ, ਅੰਮ੍ਰਿਤਸਰ ਦੇਸ਼-ਵਿਦੇਸ਼ ਵਿਚ ਪ੍ਰਸਿੱਧ ਹੋਇਆ। ਪਿਆਰੇ ਲਾਲ ਵੀ ਪਦਮ ਸ੍ਰੀ ਐਵਾਰਡ ਨਾਲ ਸਨਮਾਨਤ ਸਨ।
ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਲੋਕਾਂ ਤੋਂ ਇਲਾਵਾਂ ਧਾਰਮਿਕ, ਰਾਜਨੀਤਕ, ਸਮਾਜਿਕ, ਕਲਾਕਾਰ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ, ਜਿੰਨ੍ਹਾ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨਾਲ ਦੁੱਖ ਸਾਂਝਾ ਕੀਤਾ। ਵਡਾਲੀ ਬ੍ਰਦਰਜ ਦੀ ਜਾਦੂਈ ਆਵਾਜ ਕਾਰਨ ਪੂਰਨ ਚੰਦ ਵਡਾਲੀ ਨੂੰ ਦੇਸ਼ ਦੇ ਸਰਵਉਚ ਸਨਮਾਨ ਪਦਮ ਸ਼੍ਰੀ ਨਿਵਾਜਿਆ ਗਿਆ ਸੀ। ਅੰਤਮ ਸਸਕਾਰ ਵਿਚ ਪੁੱਜੇ ਹਾਸਰਸ ਕਲਾਕਾਰ ਸੁਦੇਸ਼ ਲਹਿਰੀ, ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ, ਕੇਵਲ ਧਾਲੀਵਾਲ, ਲੋਪੋਕੇ ਬ੍ਰਦਰਜ, ਕਾਲਾ ਨਿਜਾਮਪੂਰੀਆ ਸਮੇਤ ਡੀ.ਸੀ. ਸੰਘਾ ਅੰਮ੍ਰਿਤਸਰ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਉਨ੍ਹਾਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਮੌਤ ਨਾਲ ਪਰਿਵਾਰ ਤੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਤੋਂ ਇਲਾਵਾ ਸਤੀਸ਼ ਬੱਲੂ, ਦਿਲਰਾਜ ਗਿੱਲ, ਅਰੁਣ ਪਿੰਕਾ, ਜਸਬੀਰ ਸਿੰਘ ਵਡਾਲੀ, ਸੁਰਿੰਦਰ ਮਿੱਤਲ, ਗੀ ਗੁਰਦੀਪ ਸਿੰਘ, ਇੰਦਰਜੀਤ ਸਿੰਘ ਬਾਸਰਕੇ, ਸੋਨੂੰ ਦੱਤਾ ਨੇ ਵੀ ਪਿਆਰੇ ਲਾਲ ਵਡਾਲੀ ਦੀ ਮੌਤ ਦਾ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।