ਪੁਲਿਸ ਐਂਨਕਾਊਂਟਰ ਦੇ ਨਾਂ ਤੇ ਨੌਜਵਾਨਾਂ ਨੂੰ ਗੈਂਗਸਟਰ ਦੱਸ ਕੀਤਾ ਜਾ ਰਿਹਾ ਕਤਲ - ਸਿਮਰਨਜੀਤ ਸਿੰਘ ਮਾਨ

ਬਠਿੰਡਾ -ਐਤਵਾਰ ਮੀਡੀਆ ਨੂੰ ਇਕ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਐਨਕਾਉੂਂਟਰ ਦੇ ਨਾਂ 'ਤੇ ਨੌਜਵਾਨਾਂ ਨੂੰ ਗੈਂਗਸਟਰ ਦੱਸ ਕੇ ਕਤਲ ਕਰ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਨੇ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਤੋਂ ਅਜਿਹੇ ਪੁਲਿਸ ਐਨਕਾਉੂਂਟਰ ਮਾਮਲਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। 

ਮਾਨ ਨੇ ਆਪਣੇ ਭੇਜੇ ਲਿਖਤੀ ਬਿਆਨ 'ਚ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਘੱਟ ਗਿਣਤੀ ਭਾਈਚਾਰੇ ਅਤੇ ਲੁਟੇਰੇ ਭਾਰਤੀ ਸੂਬਾ ਪ੍ਰਬੰਧ ਖਿਲਾਫ ਲੜਨ ਵਾਲਿਆਂ ਦੇ ਹੋ ਰਹੇ ਕਤਲ ਯੂ. ਐੱਨ. ਚਾਰਟ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੀ ਨਹੀਂ ਬਲਕਿ ਭਾਰਤੀ ਸੰਵਿਧਾਨ ਦੇ ਆਰਟੀਕਲ 21 ਦਾ ਵੀ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਪਹਿਲਾਂ ਹੀ ਭਾਰਤੀ ਸੁਰੱਖਿਆ ਬਲਾਂ ਵੱਲੋਂ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦਾ ਬੇਰਿਹਮੀ ਨਾਲ ਪੁਲਿਸ ਮੁਕਾਬਲਿਆਂ ਦੇ ਨਾਂ ਤੇ ਕਤਲ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਭਾਰਤ ਦੇ ਸਿੱਖਾਂ ਨੂੰ ਵੀ 1947 ਅਤੇ 1984 ਵਿਚ ਅਜਿਹੇ ਹੀ ਜਬਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਭਾਰਤੀ ਸੰਵਿਧਾਨ ਦੇ ਆਰਟੀਕਲ 21 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਾਨੂੰਨੀ ਕਾਰਵਾਈ ਤੋਂ ਬਿਨਾਂ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਲਈ ਜਾ ਸਕਦੀ। 

ਦੋ ਦਿਨ ਪਹਿਲਾਂ ਜ਼ਿਲੇ ਦੇ ਪਿੰਡ ਗੁਲਾਬਗੜ੍ਹ ਵਿਚ ਹੋਏ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਦੋ ਨੌਜਵਾਨਾਂ ਦਾ ਵੀ ਐਨਕਾਊਂਟਰ ਦੇ ਨਾਂ 'ਤੇ ਕਤਲ ਕਰਨ ਦਾ ਦੋਸ਼ ਲਾਉਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਗੈਰ-ਕਾਨੂੰਨੀ ਕਥਿਤ ਕਤਲਾਂ ਦੀ ਮੁਕੰਮਲ ਜਾਣਕਾਰੀ ਹਾਸਲ ਕਰ ਕੇ ਸੁਪਰੀਮ ਕੋਰਟ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸਜ਼ ਨੂੰ ਇਕ ਲਿਖਤੀ ਰਿਪੋਰਟ ਭੇਜੀ ਜਾਵੇਗੀ ਤਾਂ ਕਿ ਮਾਣਯੋਗ ਅਦਾਲਤਾਂ ਉਕਤ ਪੁਲਿਸ ਦੇ ਗੈਰ-ਕਾਨੂੰਨੀ ਕਾਰਨਾਮਿਆਂ ਦੀ ਆਪਣੇ ਪੱਧਰ 'ਤੇ ਜਾਂਚ ਕਰਵਾ ਸਕਣ।