ਪੁਲਿਸ ਵਲੋਂ ਕਾਬੂ ਡੇਰਾ ਭਗਤਾਂ ਨੇ ਕੀਤਾ ਦਿਲ ਕੰਬਾਊ ਖੁਲਾਸਾ

ਖਾਸ ਖ਼ਬਰਾਂ

ਸੋਦਾ ਸਾਧ ਨੂੰ ਸਾਧਵੀ ਬਲਾਤਕਾਰ ਮਾਮਲੇ 'ਚ ਸੀ ਬੀ ਆਈ ਦੀ ਸ਼ਪੈਸ਼ਲ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਸਾੜ ਫੂਕ ਕਰਕੇ ਤਰਥੱਲੀ ਮਚਾਉਣ ਦੀਆਂ ਹਦਾਇਤਾਂ ਡੇਰੇ ਵੱਲੋ ਦੋ ਦਿਨ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਸਨ। ਡੇਰੇ ਲਈ ਮਰ ਮਿਟਣ ਵਾਲਿਆਂ ਦੀਆਂ ਲਿਸਟਾਂ ਬਣਾ ਕੇ ਲੋੜੀਂਦਾ ਸਮਾਨ ਪੈਟਰੌਲ ਬੰਬ ਅਤੇ ਹੋਰ ਮਾਰੂ ਹਥਿਆਰ ਦੇ ਕੇ ਲਾਮਬੰਧ ਕਰ ਦਿੱਤਾ ਗਿਆ ਸੀ। ਇਹ ਖੁਲਾਸਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਡੇਰਾ ਪ੍ਰੇਮੀਆਂ ਨੇ ਖੁਦ ਪੱਤਰਕਾਰਾਂ ਸਾਹਮਣੇ ਕੀਤਾ।

ਮਲੋਟ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਐਸ ਪੀ ਸ੍ਰ ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਸ਼ੀਲ ਕੁਮਾਰ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਿਆਂ ਥਾਣਾ ਕਬਰਵਾਲਾ ਦੇ ਇੰਚਾਰਜ਼ ਇੰਸਪੈਕਟਰ ਬਲਕਾਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ਼ ਇੰਸਪੈਕਟਰ ਬੂਟਾ ਸਿੰਘ ਗਿੱਲ ਨੇ 25 ਅਗਸਤ ਨੂੰ ਡੇਰਾ ਮੁਖੀ ਰਾਮ ਰਹੀਮ ਵਿਰੁੱਧ ਅਦਾਲਤੀ ਫੈਸਲਾ ਆਉਣ ਉਪਰੰਤ ਮਲੋਟ ਰੇਲਵੇ ਸ਼ਟੇਸ਼ਨ, ਪੈਟਰੌਲ ਪੰਪਾਂ ਦੀ ਭੰਨਤੌੜ ਕਰਕੇ ਅੱਗ ਲਾਉਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 24 ਦੋਸ਼ੀਆਂ ਵਿਚੋਂ 8 ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। 

ਗਿਰਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਵਿਚ ਮਲੋਟ ਦਾ ਭੰਗੀਦਾਸ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਮੁਖਤਿਆਰ ਸਿੰਘ ਵਾਸੀ ਪ੍ਰੀਤ ਨਗਰ ਮਲੋਟ ਅਤੇ 45 ਮੈਂਬਰੀ ਕਮੇਟੀ ਦਾ ਆਗੂ ਗੁਰਦਾਸ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸਮਾਘ ਵੀ ਸ਼ਾਮਲ ਹੈ। ਜਿਲ੍ਹਾ ਨੇ ਦੋ ਦਿਨ ਪਹਿਲਾਂ ਮੀਟਿੰਗ ਕਰਕੇ ਡੇਰੇ ਲਈ ਮਰਨ ਵਾਲਿਆਂ 'ਚ ਆਪਣੇ ਆਪ ਨੂੰ ਪੇਸ਼ ਕਰਨ ਵਾਲੇ ਨੋਜਵਾਨਾਂ ਨੂੰ ਪੈਟਰੋਲ ਬੰਬ ਬਣਾਉਣ ਅਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਲਾਮਬੰਧ ਕੀਤਾ ਸੀ। 

ਐਸ ਪੀ ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਨੇ 13 ਡੇਰਾ ਪ੍ਰੇਮੀਆਂ ਨੂੰ ਗਿਰਫਤਾਰ ਕੀਤਾ ਹੈ। ਇਨਾਂ ਵਿਚੋਂ 5 ਡੇਰਾ ਪ੍ਰੇਮੀ ਪੁਲਿਸ ਨੇ 26 ਅਗਸਤ ਨੂੰ ਹੀ ਗਿਰਫਤਾਰ ਕਰ ਲਿਆ ਸੀ ਜਿਨ੍ਹਾਂ ਦਾ 31 ਤੱਕ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿੱਛ ਕੀਤੀ ਗਈ ਜਿਸ ਦੋਰਾਨ ਕਈ ਖੁਲਾਸੇ ਹੋਏ ਹਨ।