ਰਸੋਈ ਗੈਸ ਸਿਲੰਡਰ ਹੋਰ ਮਹਿੰਗਾ, ਸਾਢੇ ਚਾਰ ਰੁਪਏ ਦਾ ਵਾਧਾ

ਖਾਸ ਖ਼ਬਰਾਂ

ਨਵੀਂ ਦਿੱਲੀ, 1 ਨਵੰਬਰ : ਰਸੋਈ ਗੈਸ ਸਿਲੰਡਰ ਸਾਢੇ ਚਾਰ ਰੁਪਏ ਤਕ ਮਹਿੰਗਾ ਹੋ ਗਿਆ ਹੈ। ਘਰੇਲੂ ਰਸੋਈ ਗੈਸ ਦੇ ਸਬਸਿਡੀਯੁਕਤ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਨਵੀਂ ਕੀਮਤ 495.69 ਰੁਪਏ ਹੋਵੇਗੀ। ਜੁਲਾਈ 2016 ਵਿਚ ਸਰਕਾਰ ਨੇ ਹਰ ਮਹੀਨੇ ਕੀਮਤ ਵਧਾ ਕੇ ਗੈਸ ਸਿਲੰਡਰ 'ਤੇ ਸਬਸਿਡੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਕਾਰਨ ਇਹ ਸਿਲੰਡਰ ਵਿਚ 19ਵਾਂ ਵਾਧਾ ਹੈ। ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਜਹਾਜ਼ ਤੇਲ ਦੀ ਕੀਮਤ ਵਿਚ ਵੀ ਦੋ ਫ਼ੀ ਸਦੀ ਦਾ ਵਾਧਾ ਕੀਤਾ ਗਿਆ ਹੈ। ਸਬਸਿਡੀ ਰਹਿਤ ਰਸੋਈ ਗੈਸ ਸਿਲੰਡਰ ਦੀ ਕੀਮਤ 93 ਰੁਪਏ ਵਧ ਕੇ 742 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। 

ਇਸ ਤੋਂ ਪਹਿਲਾਂ ਆਖ਼ਰੀ ਵਾਰ ਇਕ ਅਕਤੂਬਰ ਨੂੰ ਇਸ ਦੀ ਕੀਮਤ 50 ਰੁਪਏ ਵਧਾ ਕੇ 649 ਰੁਪਏ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰਕਾਰ ਨੇ ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਨੂੰ ਹਰ ਮਹੀਨੇ ਕੀਮਤ ਵਧਾਉਣ ਲਈ ਕਿਹਾ ਸੀ ਤਾਕਿ ਅਗਲੇ ਸਾਲ ਮਾਰਚ ਤਕ ਸਬਸਿਡੀ ਖ਼ਤਮ ਕੀਤੀ ਜਾ ਸਕੇ। ਇਸ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਹੁਣ ਤਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ 76.51 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਦਕਿ ਜੂਨ 2016 ਵਿਚ ਇਸ ਦੀ ਕੀਮਤ 419.18 ਰੁਪਏ ਪ੍ਰਤੀ ਸਿਲੰਡਰ ਸੀ। (ਏਜੰਸੀ)