ਰੇਪ ਦੇ ਆਰੋਪਾਂ ਤੋਂ ਬਾਅਦ ਅੰਡਰਗਰਾਉਂਡ ਹੈ ਬਾਬਾ, 16 ਹਜ਼ਾਰ ਔਰਤਾਂ ਨਾਲ ਸਬੰਧ ਬਣਾਉਣ ਦਾ ਸੀ ਨਿਸ਼ਾਨਾ

ਖਾਸ ਖ਼ਬਰਾਂ

ਅਧਿਆਤਮਕ ਵਿਸ਼ਵਵਿਦਿਆਲੇ ਦੇ ਆਸ਼ਰਮਾਂ 'ਚ ਸ਼ਕੰਜਾ ਕਸਦੇ ਹੀ ਸੰਸਥਾ ਦਾ ਫਾਉਂਡਰ ਬਾਬਾ ਵੀਰੇਂਦਰ ਦੇਵ ਦੀਕਸ਼ਿਤ ਅੰਡਰਗਰਾਉਂਡ ਹੋ ਗਿਆ ਹੈ। ਵੀਰੇਂਦਰ ਆਪਣਾ ਕਾਨੂੰਨ ਅਤੇ ਕਰੰਸੀ ਚਲਾਉਂਦਾ ਹੈ। ਉਸਦੇ ਆਸ਼ਰਮ ਵਿਚ ਜ਼ਿਆਦਾਤਰ ਲੜਕੀਆਂ ਅਤੇ ਲੋਕ ਨਸ਼ੇ ਦੇ ਆਦੀ ਵੀ ਹੋ ਗਏ ਸਨ। ਇਨ੍ਹਾਂ ਦੇ ਸੁਰਾਗ ਰੋਹਿਣੀ ਆਸ਼ਰਮ ਵਿਚ ਸਥਿਤ ਬਾਬਾ ਦੇ ਵਿਸ਼ੇਸ਼ ਕਮਰੇ ਵਿਚੋਂ ਮਿਲੇ ਹਨ। 

ਬਾਬਾ ਆਸ਼ਰਮਾਂ ਨੂੰ ਆਪਣੇ ਤਿੰਨ ਬੇਹੱਦ ਕਰੀਬੀਆਂ ਦੇ ਸਹਿਯੋਗ ਨਾਲ ਚਲਾਉਂਦਾ ਸੀ ਅਤੇ ਅਕਸਰ ਪੁਣੇ ਵਿਚ ਰਹਿੰਦਾ ਸੀ। ਬਾਬਾ ਦੇ ਦਿੱਲੀ ਵਿਚ 8, ਦੇਸ਼ ਵਿਚ 12 ਅਤੇ ਵਿਦੇਸ਼ ਵਿਚ 3 ਅਧਿਆਤਮਕ ਕੇਂਦਰ ਹਨ। ਇਹ ਕੇਂਦਰ ਹਰਿਆਣਾ, ਓਡਿਸ਼ਾ ਦੇ ਪੁਰੀ ਅਤੇ ਮਹਾਰਾਸ਼ਟਰ ਦੇ ਪੁਣੇ ਵਿਚ ਅਤੇ ਯੂ. ਪੀ. ਵਿਚ ਹਨ। ਮਾਰੀਸ਼ਸ, ਰੂਸ ਅਤੇ ਨੇਪਾਲ ਵਿਚ 1-1 ਆਸ਼ਰਮ ਦੀ ਜਾਣਕਾਰੀ ਏਜੰਸੀ ਨੂੰ ਮਿਲੀ ਹੈ। 

ਦੱਸਿਆ ਜਾ ਰਿਹਾ ਹੈ ਕਿ ਬਾਬਾ ਨੇਪਾਲ ਵਿਚ ਆਪਣੇ ਆਸ਼ਰਮ ਵਿਚ ਹੋ ਸਕਦਾ ਹੈ। ਮਾਊਂਟ ਆਬੂ ਵਿਚ ਉਸਨੇ ਆਪਣਾ ਆਸ਼ਰਮ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਉਹ ਦੋ ਹੋਰ ਦੇਸ਼ਾਂ ਵਿਚ ਕੇਂਦਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਸੀ।

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਆਸ਼ਰਮ ਅੰਦਰ ਜੋ ਔਰਤਾਂ ਮੌਜੂਦ ਹਨ, ਨੂੰ ਉਥੋਂ ਨਾਰੀ ਨਿਕੇਤਨ 'ਚ ਰੱਖਿਆ ਜਾਣਾ ਚਾਹੀਦਾ ਹੈ। ਉਕਤ ਅਧਿਆਤਮਕ ਵਿਸ਼ਵ ਵਿਦਿਆਲਿਆ ਅੰਦਰੋਂ ਤਲਾਸ਼ੀ ਦੌਰਾਨ ਭਾਰੀ ਮਾਤਰਾ 'ਚ ਅਸ਼ਲੀਲ ਸਾਹਿਤ, ਵੀਡੀਓ, ਸੈਕਸ ਵਧਾਊ ਦਵਾਈਆਂ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ।

ਇਕ ਟੀ. ਵੀ. ਚੈਨਲ ਦੀ ਸੂਚਨਾ ਮੁਤਾਬਕ ਬਾਬਾ ਵੀਰੇਂਦਰ ਦੇਵ ਨੇ 16 ਹਜ਼ਾਰ ਔਰਤਾਂ ਨਾਲ ਸਬੰਧ ਬਣਾਉਣ ਦਾ ਨਿਸ਼ਾਨਾ ਰੱਖਿਆ ਸੀ। ਉਹ ਹਰ ਰੋਜ਼ ਤਾਕਤ ਵਧਾਊ ਦਵਾਈਆਂ ਲੈ ਕੇ 10 ਔਰਤਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੀਰੇਂਦਰ ਖੁਦ ਨੂੰ ਕ੍ਰਿਸ਼ਨ ਦੱਸਦਾ ਸੀ ਅਤੇ ਗੋਪੀਆਂ ਬਣ ਕੇ ਆਈਆਂ ਕੁੜੀਆਂ ਨੂੰ ਸਬੰਧ ਬਣਾਉਣ ਲਈ ਆਪਣੇ ਵੱਲ ਖਿਚਦਾ ਸੀ।

ਸੀ. ਬੀ. ਆਈ. ਨੂੰ ਆਸ਼ਰਮ ਦੇ ਸੰਸਥਾਪਕ ਦਾ ਪਤਾ ਲਾਉਣ ਦਾ ਹੁਕਮ

ਦਿੱਲੀ ਹਾਈ ਕੋਰਟ ਨੇ ਸੀ. ਬੀ. ਆਈ. ਨੂੰ ਹੁਕਮ ਦਿੱਤਾ ਕਿ ਉਹ ਉੱਤਰੀ ਦਿੱਲੀ ਸਥਿਤ ਉਸ ਆਸ਼ਰਮ ਦੇ ਸੰਸਥਾਪਕ ਦਾ ਪਤਾ ਲਾਏ, ਜਿਥੇ ਕੁੜੀਆਂ ਨੂੰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾ ਕੇ ਰੱਖਿਆ ਗਿਆ ਸੀ। 

ਕਾਰਜਵਾਹਕ ਮੁੱਖ ਜੱਜ ਗੀਤਾ ਮਿੱਤਲ ਅਤੇ ਜਸਟਿਸ ਹਰੀਸ਼ੰਕਰ 'ਤੇ ਆਧਾਰਿਤ ਬੈਂਚ ਨੇ ਹੁਕਮ ਦਿੱਤਾ ਕਿ ਉੱਤਰੀ ਦਿੱਲੀ ਦੇ ਰੋਹਿਣੀ ਸਥਿਤ ਉਕਤ ਅਧਿਆਤਮਕ ਵਿਸ਼ਵ ਵਿਦਿਆਲਾ ਦੇ ਸੰਸਥਾਪਕ ਵੀਰੇਂਦਰ ਦੇਵ ਦੀਕਸ਼ਿਤ ਨੂੰ 4 ਜਨਵਰੀ ਤੋਂ ਪਹਿਲਾਂ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ।

ਅਦਾਲਤ ਨੇ ਆਸ਼ਰਮ ਦੇ ਇਨ੍ਹਾਂ ਦਾਅਵਿਆਂ 'ਤੇ ਸ਼ੱਕ ਪ੍ਰਗਟ ਕੀਤਾ ਕਿ ਉਥੇ ਔਰਤਾਂ ਨੂੰ ਬੰਧਕ ਨਹੀਂ ਬਣਾਇਆ ਗਿਆ। ਅਦਾਲਤ ਨੇ ਕਿਹਾ ਕਿ ਜੇ ਔਰਤਾਂ ਉਥੇ ਆਜ਼ਾਦ ਸਨ ਤਾਂ ਫਿਰ ਉਨ੍ਹਾਂ ਨੂੰ ਤਾਲਾਬੰਦ ਕਮਰਿਆਂ 'ਚ ਕਿਉਂ ਰੱਖਿਆ ਗਿਆ? ਬੈਂਚ ਨੇ ਇਹ ਵੀ ਪੁੱਛਿਆ ਕਿ ਜੇ ਆਸ਼ਰਮ ਦਾ ਸੰਸਥਾਪਕ ਅਤੇ ਅਧਿਆਤਮਕ ਮੁਖੀ ਸੱਚਾ ਅਤੇ ਈਮਾਨਦਾਰ ਹੈ ਤਾਂ ਅਦਾਲਤ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦਾ?