ਰਿਲਾਇੰਸ ਜੀਓ ਦੇ ਗ੍ਰਾਹਕਾਂ ਨੂੰ 271 ਕਰੋੜ ਦਾ ਤੋਹਫਾ, ਜਾਣੋ ਕਿੰਨਾ ਹੋਇਆ ਨੁਕਸਾਨ

ਖਾਸ ਖ਼ਬਰਾਂ

ਜੀਓ ਦੇ ਗਾਹਕਾਂ ਦੀ ਗਿਣਤੀ 13 ਕਰੋੜ ਤੋਂ ਪਾਰ ਹੋ ਗਈ ਹੈ। ਉੱਥੇ ਹੀ, ਰਿਲਾਇੰਸ ਇੰਡਸਟਰੀਜ਼ ਤੋਂ ਹੋਏ ਮੁਨਾਫੇ ਨਾਲ ਮੁਕੇਸ਼ ਅੰਬਾਨੀ ਦੀ ਮੋਟੀ ਕਮਾਈ ਹੋਈ ਹੈ। ਹਾਲਾਂਕਿ 4ਜੀ ਸੇਵਾਵਾਂ ਨਾਲ ਮੋਬਾਇਲ ਬਾਜ਼ਾਰ ਨੂੰ ਹਿਲਾ ਕੇ ਰੱਖ ਦੇਣ ਵਾਲੇ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੂੰ ਮੁਫਤ ਆਫਰਾਂ ਦੇ ਚੱਕਰਾਂ 'ਚ 271 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 

ਯਾਨੀ ਕੰਪਨੀ ਨੇ ਆਪਣੇ ਗਾਹਕਾਂ ਨੂੰ 271 ਕਰੋੜ ਦਾ ਤੋਹਫਾ ਦਿੱਤਾ ਹੈ, ਜਿਸ ਦੇ ਮਜ਼ੇ ਉਹ ਹੁਣ ਤਕ ਲੁੱਟ ਰਹੇ ਹਨ। ਜੀਓ ਨੇ ਆਪਣੀ ਲਾਂਚਿੰਗ ਤੋਂ ਬਾਅਦ ਸ਼ੁਰੂਆਤੀ 7 ਮਹੀਨਿਆਂ ਤਕ ਮੁਫਤ ਸੇਵਾਵਾਂ ਦਿੱਤੀਆਂ ਸਨ। ਜਦੋਂ ਕਿ ਇਸ ਸਾਲ ਅਪ੍ਰੈਲ ਤੋਂ ਕੰਪਨੀ ਨੇ ਗਾਹਕਾਂ ਕੋਲੋਂ ਚਾਰਜ ਵਸੂਲਣਾ ਸ਼ੁਰੂ ਕੀਤਾ ਸੀ। ਮੁਕੇਸ਼ ਅੰਬਾਨੀ ਜੀਓ ਦੇ ਪ੍ਰਦਰਸ਼ਨ ਨਾਲ ਬਹੁਤ ਖੁਸ਼ ਹਨ ਕਿਉਂਕਿ ਸਤੰਬਰ ਤਿਮਾਹੀ 'ਚ ਜੀਓ ਨੇ ਕੁੱਲ 6148.73 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 

ਹਾਲਾਂਕਿ ਉਸ ਨੇ ਇਸ 'ਤੇ 6562.54 ਕਰੋੜ ਰੁਪਏ ਖਰਚ ਕੀਤੇ ਸਨ, ਯਾਨੀ ਟੈਕਸ ਭਰਨ ਤੋਂ ਪਹਿਲਾਂ ਉਸ ਨੂੰ 413.81 ਕਰੋੜ ਦਾ ਘਾਟਾ ਹੋਇਆ ਹੈ। 413.81 ਕਰੋੜ 'ਚੋਂ ਡੈਫਰਡ ਟੈਕਸ 143.22 ਕਰੋੜ ਰੁਪਏ ਕੱਢੇ ਜਾਣ 'ਤੇ ਜੀਓ ਕੰਪਨੀ ਨੂੰ ਇਸ ਤਿਮਾਹੀ 'ਚ ਕੁੱਲ 270.59 ਕਰੋੜ ਦਾ ਘਾਟਾ ਹੋਇਆ ਹੈ ਯਾਨੀ 271 ਕਰੋੜ ਦਾ। ਉੱਥੇ ਹੀ, ਕੰਪਨੀ ਲਈ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਸ ਦੇ ਗਾਹਕਾਂ ਦੀ ਗਿਣਤੀ ਵੱਧ ਕੇ 13 ਕਰੋੜ 86 ਲੱਖ ਹੋ ਗਈ ਹੈ।

ਉੱਥੇ ਹੀ, ਮੁਕੇਸ਼ ਅੰਬਾਨੀ ਨੂੰ ਜੀਓ ਦੀ ਪੈਰੰਟ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਤੋਂ ਤਗੜੀ ਕਮਾਈ ਹੋਈ ਹੈ, ਜਿਸ ਦੇ ਚੱਲਦੇ ਜੀਓ ਦੇ ਘਾਟੇ ਦੀ ਭਰਪਾਈ ਹੋ ਰਹੀ ਹੈ। ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਮੁਨਾਫੇ 'ਚ ਜੁਲਾਈ-ਸਤੰਬਰ ਤਿਮਾਹੀ 'ਚ 12.5 ਫੀਸਦੀ ਵਾਧਾ ਹੋਇਆ ਹੈ।

 ਜਿਸ ਨਾਲ ਕੰਪਨੀ ਨੂੰ ਕੁੱਲ 8,109 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੂੰ ਰਿਫਾਈਨਿੰਗ ਅਤੇ ਪੈਟਰੋ ਕੈਮੀਕਲਜ਼ ਵਰਗੇ ਕਾਰੋਬਾਰ ਤੋਂ ਵੱਡੀ ਕਮਾਈ ਹੋਈ ਹੈ।ਰਿਲਾਇੰਸ ਇੰਡਸਟਰੀਜ਼ ਦੇ ਜੁਲਾਈ-ਸਤੰਬਰ 2017 ਤਿਮਾਹੀ ਦੇ ਨਤੀਜਿਆਂ ਨੇ ਬਾਜ਼ਾਰ ਨੂੰ 2 ਮੋਰਚਿਆਂ 'ਤੇ ਹੈਰਾਨ ਕੀਤਾ ਹੈ। 

ਪਹਿਲਾਂ ਜੀਓ ਦਾ ਪ੍ਰਦਰਸ਼ਨ ਉਮੀਦ ਤੋਂ ਬਿਹਤਰ ਰਿਹਾ, ਉੱਥੇ ਹੀ, ਇਸ ਦੇ ਪੈਟਰੋ ਕੈਮੀਕਲ ਕਾਰੋਬਾਰ ਦਾ ਮੁਨਾਫਾ ਮਾਰਜ਼ਿਨ 10 ਸਾਲ ਦੇ ਉੱਚੇ ਪੱਧਰ 'ਤੇ ਰਿਹਾ। ਰਿਲਾਇੰਸ ਨੇ ਪਹਿਲੀ ਵਾਰ ਜੀਓ ਦੇ ਵਿੱਤੀ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ ਹੈ। 

ਜੀਓ ਨੇ ਬਿਹਤਰ ਸੰਚਾਲਨ ਮੁਨਾਫੇ ਨਾਲ ਬਾਜ਼ਾਰ ਨੂੰ ਹੈਰਾਨ ਕਰ ਦਿੱਤਾ ਹੈ। ਭਾਵੇਂ ਹੀ ਜੀਓ ਨੂੰ ਘਾਟਾ ਪਿਆ ਹੈ ਪਰ ਉਮੀਦ ਤੋਂ ਬਿਹਤਰ ਸਤੰਬਰ ਤਿਮਾਹੀ 'ਚ ਉਸ ਨੂੰ ਇਕੱਲੇ ਸੰਚਾਲਨ ਤੋਂ 6,147 ਕਰੋੜ ਰੁਪਏ ਦੀ ਕਮਾਈ ਹੋਈ ਹੈ।