ਰੋਜ਼ਾਨਾ ਸਪੋਕਸਮੈਨ ਦੇ ਡਾਇਰੈਕਟਰ ਬੀਬੀ ਨਿਰਮਲ ਕੌਰ ਨੇ ਕਲਕੱਤਾ ਦਾ ਹਾਲ-ਚਾਲ ਪੁਛਿਆ

ਖਾਸ ਖ਼ਬਰਾਂ

ਤਰਨਤਾਰਨ, 16 ਜਨਵਰੀ (ਚਰਨਜੀਤ ਸਿੰਘ): ਪੰਥ ਦਾ ਦਿਮਾਗ ਜਾਣੇ ਜਾਂਦੇ ਟਕਸਾਲੀ ਅਕਾਲੀ ਆਗੂ ਸ. ਮਨਜੀਤ ਸਿੰਘ ਕਲਕੱਤਾ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਦਾ ਪਤਾ ਲੈਣ ਲਈ ਅੱਜ ਰੋਜ਼ਾਨਾ ਸਪੋਕਸਮੈਨ ਦੀ ਡਾਇਰੈਕਟਰ ਬੀਬੀ ਨਿਰਮਲ ਕੌਰ ਪੁੱਜੇ। ਉਨ੍ਹਾਂ ਸ. ਕਲਕੱਤਾ ਦੇ ਸਪੁੱਤਰ ਸ. ਗੁਰਪ੍ਰੀਤ ਸਿੰਘ ਕੋਲੋਂ ਸ. ਕਲਕੱਤਾ ਦੀ ਸਿਹਤ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਲਈ ਤੇ ਸ. ਕਲਕੱਤਾ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। 

ਉਨ੍ਹਾਂ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ.ਜੋਗਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਅਤੇ ਸੰਪਾਦਕ ਬੀਬਾ ਨਿਮਰਤ ਕੌਰ ਵਲੋਂ ਵੀ ਕਲਕੱਤਾ ਲਈ ਸ਼ੁਭ ਇੱਛਾਵਾਂ ਦਿਤੀਆਂ। ਸ. ਗੁਰਪ੍ਰੀਤ ਸਿੰਘ ਨੇ ਦਸਿਆ ਕਿ ਸ. ਕਲਕੱਤਾ ਦੀ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਘੱਟ ਹਨ ਜਿਸ ਕਾਰਨ ਉਨ੍ਹਾਂ ਦੀ ਹਾਲਤ ਚਿੰਤਾਜਨਕ ਹੈ। 

ਡਾਕਟਰ ਉਨ੍ਹਾਂ ਦਾ ਪੂਰਾ ਖ਼ਿਆਲ ਰੱਖ ਰਹੇ ਹਨ ਤੇ ਆਸ ਹੈ ਕਿ ਉਹ ਜਲਦ ਹੀ ਠੀਕ ਹੋਣਗੇ।  ਬੀਬੀ ਨਿਰਮਲ ਕੌਰ ਨੇ ਦਸਿਆ ਕਿ ਸ. ਕਲਕੱਤਾ ਹਮੇਸ਼ਾ ਤੋਂ ਹੀ ਸ. ਜੋਗਿੰਦਰ ਸਿੰਘ ਦੀਆਂ ਲਿਖਤਾਂ ਦੇ ਕਾਇਲ ਰਹੇ ਤੇ ਸਮੇਂ-ਸਮੇਂ ਤੇ ਸ. ਜੋਗਿੰਦਰ ਸਿੰਘ ਨਾਲ ਪੰਥਕ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਵੀ ਕਰਦੇ ਰਹੇ। 

ਉਨ੍ਹਾਂ ਯਾਦ ਕੀਤਾ ਕਿ ਰੋਜ਼ਾਨਾ ਸਪੋਕਸਮੈਨ ਜਦ ਮਾਸਿਕ ਪੱਤਰ ਸੀ ਤਾਂ ਸ. ਕਲਕੱਤਾ ਨੇ ਹੀ ਹਰ ਗੁਰਦਵਾਰਾ ਸਾਹਿਬ ਦੀ ਲਾਇਬਰੇਰੀ ਲਈ ਚੰਡੀਗੜ੍ਹ ਸਪੋਕਸਮੈਨ ਨੂੰ ਜਾਰੀ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਸੀ।ਦਸਣਯੋਗ ਹੈ ਕਿ ਕਲਕੱਤਾ ਅੱਜ ਵੀ ਦਿਨ ਦੀ ਸ਼ੁਰੂਆਤ ਰੋਜ਼ਾਨਾ ਸਪੋਕਸਮੈਨ ਨਾਲ ਹੀ ਕਰਦੇ ਹਨ। ਇਸ ਮੌਕੇ ਸ. ਮਨਿੰਦਰ ਸਿੰਘ ਧੁੰਨਾ ਸਿਆਸੀ ਸਲਾਹਕਾਰ ਸ. ਪਰਮਜੀਤ ਸਿੰਘ ਸਰਨਾ ਵੀ ਹਾਜ਼ਰ ਸਨ।