ਸਾਊਥ ਅਫਰੀਕਾ 'ਚ ਖੇਡਣ ਨਾਲ ਹੋਇਆ ਟੀਮ ਵਿੱਚ ਸੁਧਾਰ - ਹਰਮਨਪ੍ਰੀਤ ਕੌਰ

ਖਾਸ ਖ਼ਬਰਾਂ

ਮੁੰਬਈ : ਭਾਰਤੀ ਮਹਿਲਾ ਟੀ-20 ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਦੱਖਣੀ ਅਫਰੀਕਾ 'ਚ ਵਨਡੇ ਅਤੇ ਟੀ-20 ਕੌਮਾਂਤਰੀ ਸੀਰੀਜ਼ 'ਚ ਸਭ ਤੋਂ ਮਹੱਤਵਪੂਰਨ ਗੱਲ ਟੀਮ ਦੀ ਫੀਲਡਿੰਗ 'ਚ ਸੁਧਾਰ ਰਿਹਾ ਜਦਕਿ ਉਨਾਂ ਨੇ ਯੁਵਾ ਜੇਮੀਮਾ ਰੋਡ੍ਰਿਗੇਜ ਦੀ ਵੀ ਸ਼ਲਾਘਾ ਕੀਤੀ। ਹਰਮਨਪ੍ਰੀਤ ਨੇ ਕਿਹਾ, ''ਦੱਖਣੀ ਅਫਰੀਕਾ ਦੌਰਾ ਚੰਗੇ ਖਿਡਾਰੀਆਂ ਦੇ ਖਿਲਾਫ ਚੰਗਾ ਦੌਰਾ ਸੀ। 

ਚੰਗੀ ਚੀਜ਼ ਇਹ ਹੈ ਕਿ ਟੀਮ ਇਕ ਜਾਂ ਦੋ ਖਿਡਾਰੀਆਂ 'ਤੇ ਨਿਰਭਰ ਨਹੀਂ ਹੈ ਅਤੇ ਸਾਰੇ ਪ੍ਰਦਰਸ਼ਨ ਕਰ ਰਹੇ ਹਨ।'' ਉਨ੍ਹਾਂ ਕਿਹਾ, ''ਜੇਮੀ (ਜੇਮੀਮਾ) ਨੇ ਕੌਮਾਂਤਰੀ ਪੱਧਰ ਦੀ ਪ੍ਰਤਿਭਾ ਦਿਖਾਈ ਹੈ। ਸਾਡੀ ਫੀਲਡਿੰਗ 'ਚ ਸੁਧਾਰ ਹੋਇਆ ਹੈ ਜਿਸ 'ਚ ਅਸੀਂ ਪਿਛਲੇ 2-3 ਸਾਲਾਂ ਤੋਂ ਪੱਛੜ ਰਹੇ ਸੀ ਅਤੇ ਇਹ ਦੌਰੇ ਦਾ ਸਭ ਤੋਂ ਸਕਾਰਾਤਮਕ ਪੱਖ ਰਿਹਾ।'' 

ਹਰਮਨਪ੍ਰੀਤ ਨੇ ਕਿਹਾ ਕਿ ਵੈਸਟਇੰਡੀਜ਼ 'ਚ ਇਸ ਸਾਲ ਹੋਣ ਵਾਲੇ ਵਿਸ਼ਵ ਟੀ-20 ਨੂੰ ਦੇਖਦੇ ਹੋਏ ਟੀਮ ਦਾ ਇਰਾਦਾ ਇੰਗਲੈਂਡ ਅਤੇ ਆਸਟਰੇਲੀਆ ਦੇ ਖਿਲਾਫ ਘਰੇਲੂ ਲੜੀ 'ਚ ਯੁਵਾ ਖਿਡਾਰੀਆਂ ਨੂੰ ਮੌਕਾ ਦੇਣ ਦਾ ਹੈ। ਭਾਰਤ ਪਹਿਲਾਂ ਵਡੋਦਰਾ 'ਚ ਆਸਟਰੇਲੀਆ ਖਿਲਾਫ ਖੇਡੇਗਾ ਅਤੇ ਫਿਰ ਆਸਟਰੇਲੀਆ ਅਤੇ ਇੰਗਲੈਂਡ ਦੇ ਨਾਲ ਤਿਕੋਣੀ ਸੀਰੀਜ਼ 'ਚ ਹਿੱਸਾ ਲਵੇਗਾ।