ਸ਼ਹਿਰ ਦੇ ਸੈਕਟਰ-26 'ਚ ਸ਼ੁੱਕਰਵਾਰ ਨੂੰ ਸ਼ਰੇਆਮ ਇਕ ਨੌਜਵਾਨ ਨੇ ਕੁੜੀ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਸੈਕਟਰ-56 ਦੀ ਰਹਿਣ ਵਾਲੀ ਸੀ ਅਤੇ ਸੈਕਟਰ-26 'ਚ ਉਹ ਸਬਜ਼ੀ ਵੇਚਣ ਦਾ ਕੰਮ ਕਰਦੀ ਸੀ।
ਇਸ ਦੌਰਾਨ ਸੁਨੀਲ ਵਾਸੀ ਧਨਾਸ ਅਚਾਨਕ ਉੱਥੇ ਆਇਆ ਅਤੇ ਲੜਕੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਲਹੂਲੁਹਾਨ ਹੋਈ ਲੜਕੀ ਨੂੰ ਤੁਰੰਤ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ।
ਪਰ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਵਲੋਂ ਕੁੜੀ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਫਿਲਹਾਲ ਪੁਲਸ ਵਲੋਂ ਦੋਸ਼ੀ ਨੌਜਵਾਨ 'ਤੇ ਧਾਰਾ-302 ਅਤੇ 307 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ 'ਚ ਲੱਗ ਗਈ ਹੈ।