ਸੰਘਣੀ ਧੁੰਦ ਕਾਰਨ 40-45 ਗੱਡੀਆਂ ਆਪਸ ਵਿਚ ਟਕਰਾਈਆਂ

ਖਾਸ ਖ਼ਬਰਾਂ

ਫ਼ਿਲੌਰ, 2 ਜਨਵਰੀ (ਰਾਜ): ਬੀਤੀ ਰਾਤ 12 ਵਜੇ ਦੇ ਕਰੀਬ ਫ਼ਿਲੌਰ ਤੋਂ ਲੁਧਿਆਣੇ ਨੂੰ ਜਾਂਦੇ ਹੋਏ ਮੁੱਖ ਸੜਕ 'ਤੇ ਸੰਘਣੀ ਧੁੰਦ ਹੋਣ ਕਾਰਨ 40-45 ਗੱਡੀਆਂ ਟਕਰਾ ਗਈਆਂ ਜਿਸ ਕਾਰਨ ਗੱਡੀਆਂ 'ਚ ਸਵਾਰ 2-3 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਲੱਤ ਟੁੱਟ ਗਈ।ਜ਼ਿਕਰਯੋਗ ਹੈ ਕਿ ਬੀਤੀ ਰਾਤ ਮੀਂਹ ਵਾਂਗ ਪਈ ਸੰਘਣੀ ਧੁੰਦ ਕਾਰਨ ਅਤੇ ਹੱਥ ਨੂੰ ਹੱਥ ਨਜ਼ਰ ਨਹੀਂ ਸੀ ਆ ਰਿਹਾ। ਅਜਿਹੇ ਵਿਚ ਫ਼ਿਲੌਰ ਤੋਂ ਲੁਧਿਆਣੇ ਨੂੰ ਜਾਣ ਵਾਲੇ ਪਾਸੇ ਸੜਕ 'ਤੇ ਇਕ ਟਰੱਕ ਖ਼ਰਾਬ ਹੋ ਗਿਆ। ਟਰੱਕ ਦੇ ਸੜਕ ਵਿਚਕਾਰ ਖੜੇ ਹੋਣ ਕਰ ਕੇ ਇਕ ਆਲੂਆਂ ਦੀ ਭਰੀ ਟਰਾਲੀ-ਟਰੈਕਟਰ ਆ ਵੱਜਾ। ਸੜਕ 'ਤੇ ਆਲੂ ਖਿਲਰ ਜਾਣ ਕਰ ਕੇ ਮੀਂਹ ਵਾਂਗ ਪੈ ਰਹੀ ਧੁੰਦ ਕਾਰਨ ਸੜਕ ਬੁਰੀ ਤਰ੍ਹਾਂ ਗਿੱਲੀ ਹੋ ਗਈ ਅਤੇ ਸੈਂਕੜੇ ਵਾਹਨਾਂ ਦੇ ਲੰਘਣ ਕਾਰਨ ਆਲੂਆਂ ਅਤੇ ਧੁੰਦ ਦੇ ਪਾਣੀ ਦੀ ਤਿਲਕਣ ਕਾਰਨ ਦੂਰ ਤਕ ਫਿਸਲਣ ਬਣ ਗਈ, ਅਜਿਹੀ ਹਾਲਤ ਵਿਚ ਗੱਡੀਆਂ ਵਿਚ ਗੱਡੀਆਂ ਵੱਜਦੀਆਂ ਰਹੀਆਂ। 

ਸੜਕ 'ਤੇ ਖੜੇ  ਵਾਹਨਾਂ ਦੇ ਇਕ ਡਰਾਈਵਰ ਨੇ ਦਸਿਆ ਕਿ ਪੁਲਿਸ ਮੌਕੇ 'ਤੇ ਖੜੀ ਰਹੀ ਪਰ ਟਰੱਕ ਅਤੇ ਆਲੂਆਂ ਦੀਆਂ ਬੋਰੀਆਂ ਬਹੁਤ ਦੇਰ ਤਕ ਸੜਕ ਤੋਂ ਹਟਾਈਆਂ ਨਹੀਂ ਗਈਆਂ ਜਿਸ ਕਰ ਕੇ 40-45 ਕਾਰਾਂ, ਟਰੱਕ ਅਤੇ ਦੂਸਰੇ ਵਾਹਨ ਇਕ ਦੂਸਰੇ ਵਿਚ ਵੱਜਦੇ ਰਹੇ।ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜੇ ਸਮੇਂ ਸਿਰ ਖ਼ਰਾਬ ਟਰੱਕ ਅਤੇ ਆਲੂਆਂ ਵਾਲੀ ਟਰਾਲੀ-ਟਰੈਕਟਰ ਮੌਕੇ ਤੋਂ ਹਟਾ ਦਿਤੇ ਜਾਂਦੇ ਤਾਂ ਅਨੇਕਾਂ ਵਾਹਨ ਬਚਾਏ ਜਾ ਸਕਦੇ ਸਨ। ਹੌਲਦਾਰ ਨਿਸ਼ਾਨ ਸਿੰਘ ਨੇ ਦਸਿਆ ਕਿ 7-8 ਗੱਡੀਆਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, 3 ਵਿਅਕਤੀ ਜ਼ਖ਼ਮੀ ਹੋ ਗਏ ਹਨ।