'ਸ਼ਹੀਦ ਭਗਤ ਸਿੰਘ ਦੇ ਨਾਮ' 'ਤੇ ਹੋਵੇਗਾ ਮੋਹਾਲੀ ਹਵਾਈ ਅੱਡੇ ਦਾ ਨਾਂਅ

ਚੰਡੀਗੜ੍ਹ - ਮੋਹਾਲੀ 'ਚ ਬਣੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ 'ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ' ਰੱਖਣ ਦਾ ਸੰਕੇਤ ਕੇਂਦਰੀ ਮੰਤਰੀ ਸ਼ਹਿਰੀ ਹਵਾਬਾਜ਼ੀ ਪੀ. ਅਸ਼ੋਕ ਗਜ਼ਪਤੀ ਰਾਜੂ ਨੇ ਦੇ ਦਿੱਤਾ ਹੈ। ਉਨ੍ਹਾਂ ਇਹ ਗੱਲ ਦੇਸ਼ ਦੇ ਪਹਿਲੇ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦੇ ਉਦਘਾਟਨ ਮੌਕੇ ਕਹੀ। ਕੌਮਾਂਤਰੀ ਹਵਾਈ ਅੱਡੇ ਦੇ ਨਾਂ ਸਬੰਧੀ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਨੇ ਆਪੋ-ਆਪਣੇ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦੇ ਨਾਂ ਸਬੰਧੀ ਕੋਈ ਰੌਲਾ ਨਾ ਪਿਆ ਤਾਂ ਸ਼ਹੀਦ ਭਗਤ ਸਿੰਘ ਹੀ ਹੋਵੇਗਾ ਪਰ ਅਜੇ ਇਸ ਹਵਾਈ ਅੱਡੇ ਦੇ ਨਾਂ ਸਬੰਧੀ ਪ੍ਰੋਸੀਜ਼ਰ ਚੱਲ ਰਿਹਾ ਹੈ, ਛੇਤੀ ਹੀ ਨਾਂ ਦਾ ਐਲਾਨ ਵੀ ਕਰ ਦਿੱਤਾ ਜਾਏਗਾ।

ਚੰਦੂਮਾਜਰਾ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਨਾਂਦੇੜ ਲਈ ਸਿੱਧੀ ਫਲਾਈਟ ਦੀ ਮੰਗ ਕੀਤੀ। ਕੇਂਦਰੀ ਮੰਤਰੀ ਪੀ. ਅਸ਼ੋਕ ਗਣਪਤੀ ਰਾਜੂ ਨੇ ਭਰੋਸਾ ਦਿੱਤਾ ਕਿ ਜਿਵੇਂ ਹੀ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਦੀ ਮੁਰੰਮਤ ਦਾ ਕੰਮ ਪੂਰਾ ਹੋ ਜਾਏਗਾ, ਨਾਂਦੇੜ ਲਈ ਵੀ ਫਲਾਈਟ ਸ਼ੁਰੂ ਕਰ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਕਈ ਕੌਮਾਂਤਰੀ ਤੇ ਡੋਮੈਸਟਿਕ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ।

ਚੰਦੂਮਾਜਰਾ ਨੇ ਕੌਮਾਂਤਰੀ ਹਵਾਈ ਅੱਡੇ 'ਤੇ ਕਾਰਗੋ ਸੈਂਟਰ ਬਣਾਉਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਚੰਡੀਗੜ੍ਹ ਤੇ ਹਰਿਆਣਾ 'ਚ ਕੋਈ ਬੰਦਰਗਾਹ ਨਾ ਹੋਣ ਕਾਰਨ ਵਪਾਰੀਆਂ ਨੂੰ ਦਿੱਕਤਾਂ ਪੇਸ਼ ਆਉਂਦੀਆਂ ਹਨ। ਅਜਿਹੇ 'ਚ ਇਸ ਹਵਾਈ ਅੱਡੇ 'ਤੇ ਕਾਰਗੋ ਸੈਂਟਰ ਦਾ ਹੋਣਾ ਜ਼ਰੂਰੀ ਹੈ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਲੋਂ ਕਾਰਗੋ ਸੈਂਟਰ ਲਈ ਜ਼ਮੀਨ ਮੁਹੱਈਆ ਕਰਵਾਈ ਜਾਏਗੀ।

ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਸ਼ਹਿਰ ਦੀ ਪੁਰਾਣੀ ਏਅਰਪੋਰਟ ਟਰਮੀਨਲ ਬਿਲਡਿੰਗ 'ਚ ਖੋਲ੍ਹਿਆ ਗਿਆ ਹੈ। ਭਾਰਤੀ ਹਵਾਈ ਅੱਡਾ ਅਥਾਰਟੀ ਦੇ ਸਹਿਯੋਗ ਨਾਲ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦਾ ਉਦਘਾਟਨ ਮੰਗਲਵਾਰ ਨੂੰ ਕੇਂਦਰੀ ਮੰਤਰੀ ਪੀ. ਅਸ਼ੋਕ ਗਣਪਤੀ ਰਾਜੂ ਨੇ ਕੀਤਾ ਪਰ ਰਿਬਨ ਏ. ਸੀ. ਐੱਸ. ਈ. ਦੀ ਟ੍ਰੇਨਿੰਗ ਲੈ ਰਹੀ ਸ਼੍ਰੇਆ ਤੋਂ ਕਟਵਾਇਆ।

ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ। ਇਸ ਇਮਾਰਤ ਦੀ ਮੁਰੰਮਤ 'ਤੇ 5. 25 ਕਰੋੜ ਖਰਚ ਹੋਏ ਹਨ। ਸ਼੍ਰੇਆ ਅੰਬਾਲਾ ਦੀ ਰਹਿਣ ਵਾਲੀ ਹੈ। ਇਸ ਕੋਰਸ ਬਾਰੇ ਅਧਿਕਾਰੀ ਨੇ ਦੱਸਿਆ ਕਿ ਇਹ 2 ਮਹੀਨੇ ਦਾ ਕੋਰਸ ਹੈ, ਜਿਸ ਵਿਚ ਬੱਚਿਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ।