ਬਠਿੰਡਾ (ਦਿਹਾਤੀ), 25 ਦਸੰਬਰ (ਲੁਭਾਸ਼ ਸਿੰਗਲਾ, ਰਾਮਪਾਲ ਅਰੋੜਾ, ਗੁਰਪ੍ਰੀਤ ਸਿੰਘ) : ਜ਼ਿਲ੍ਹਾ ਬਠਿੰਡਾ ਦੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕੋਰੋਆਣਾ ਦੇ ਲਾਂਸ ਨਾਇਕ ਕੁਲਦੀਪ ਸਿੰਘ ਜੋ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿਚ ਪਾਕਿਸਤਾਨ ਸੈਨਿਕਾਂ ਵਲੋਂ ਕੀਤੀ ਗੋਲੀਬਾਰੀ ਵਿਚ ਅਪਣੇ ਤਿੰਨ ਹੋਰ ਸਾਥੀਆਂ ਸਮੇਤ ਦੋ ਦਿਨ ਪਹਿਲਾਂ ਸ਼ਹੀਦ ਹੋ ਗਏ ਸਨ, ਦਾ ਅੱਜ ਅੰਤਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
ਫ਼ੌਜੀ ਅਧਿਕਾਰੀਆਂ, ਜਵਾਨਾਂ, ਪੰਜਾਬ ਪੁਲਿਸ, ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਭਾਰੀ ਗਿਣਤੀ ਵਿਚ ਲੋਕਾਂ ਨੇ ਸ਼ਹੀਦ ਦੀ ਅੰਤਮ ਯਾਤਰਾ ਵਿਚ ਸ਼ਾਮਲ ਹੋ ਕੇ ਨਮ ਅੱਖਾਂ ਨਾਲ ਉਸ ਨੂੰ ਵਿਦਾਇਗੀ ਦਿਤੀ। ਸ਼ਹੀਦ ਕੁਲਦੀਪ ਸਿੰਘ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਲਈ ਲੋਕ ਸਵੱਖਤੇ ਹੀ ਪਿੰਡ ਕੌਰੇਆਣਾ 'ਚ ਪਹੁੰਚਣੇ ਸ਼ੁਰੂ ਹੋ ਗਏ ਸਨ। ਬਠਿੰਡਾ ਛਾਉਣੀ ਵਿਚੋਂ ਸ਼ਹੀਦ ਦੀ ਮ੍ਰਿਤਕ ਦੇਹ ਫ਼ੌਜ ਦੇ 30-35 ਜਵਾਨਾਂ ਤੇ ਅਫ਼ਸਰਾਂ ਦੀ ਇਕ ਟੁੱਕੜੀ ਫੁੱਲਾਂ ਨਾਲ ਸਜੀ ਤੇ ਕਾਲਾ ਝੰਡਾ ਲੱਗੀ ਐਂਬੂਲੈਂਸ ਰਾਹੀਂ ਜ਼ਿਲ੍ਹਾ ਸਿਵਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਦਸ ਵੱਜ ਕੇ ਗਿਆਰਾਂ ਕੁ ਮਿੰਟਾਂ 'ਤੇ ਪਿੰਡ ਕੌਰੇਆਣਾ ਵਿਖੇ ਸ਼ਹੀਦ ਦੇ ਘਰ ਲੈ ਕੇ ਪਹੁੰਚੀ ਜੋ ਕੁੱਝ ਸਮੇਂ ਲਈ ਅੰਤਿਮ ਦਰਸ਼ਨਾਂ ਵਾਸਤੇ ਰੱਖੀ ਗਈ। ਜਿੱਥੇ ਸ਼ਹੀਦ ਦੀ ਮਾਤਾ ਰਾਣੀ ਕੌਰ, ਪਤਨੀ ਜਸਪ੍ਰੀਤ ਕੌਰ ਅਤੇ ਭੈਣ ਮਨਦੀਪ ਕੌਰ ਦੇ ਕੀਰਨੇ ਝੱਲੇ ਨਹੀਂ ਜਾ ਰਹੇ ਸਨ। ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿਚ ਜੁੜੇ ਲੋਕਾਂ ਨੂੰ ਸ਼ਹੀਦ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸ਼ਮਸ਼ਾਨਘਾਟ ਵਿਚ ਲਿਜਾਇਆ ਗਿਆ।
ਅੰਤਮ ਸਸਕਾਰ ਵਿਚ ਸ਼ਾਮਲ ਲੋਕਾਂ ਤੇ ਨੌਜਵਾਨਾਂ ਨੇ ਪਾਕਿਸਤਾਨ ਮੁਰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਸ਼ਹੀਦ ਕੁਲਦੀਪ ਸਿੰਘ ਅਮਰ ਰਹੇ ਦੇ ਨਾਹਰੇ ਵੀ ਲਾਏ। ਸ਼ਮਸ਼ਾਨਘਾਟ ਵਿਚ 25 ਇੰਨਫੈਂਟਰੀ ਬ੍ਰਿਗੇਡ ਦੇ ਡਿਪਟੀ ਕਮਾਂਡੈਂਟ ਕਰਨਲ ਆਰ.ਕੇ. ਸ਼ੇਰਾਵਤ, 15 ਸਿੱਖ ਲਾਈ ਰੈਂਜਮੈਂਟ ਦੇ ਮੇਜਰ ਰਮਨ ਸ਼ਰਮਾ, ਦੀਪਰਵਾ ਲਾਕਰਾ ਡਿਪਟੀ ਕਮਿਸ਼ਨਰ, ਐਸ.ਐਸ.ਪੀ ਨਵੀਨ ਸਿੰਗਲਾ, ਐਸ.ਪੀ (ਐੱਚ) ਸੁਰਿੰਦਰਪਾਲ ਸਿੰਘ, ਐਸ.ਡੀ.ਐੱਮ ਤਲਵੰਡੀ ਵਰਿੰਦਰ ਸਿੰਘ ਗੋਇਲ, ਨੈਬ ਤਹਿਸੀਲਦਾਰ ਓਮ ਪ੍ਰਕਾਸ਼, ਡੀ.ਐਸ.ਪੀ ਬਰਿਦਰ ਸਿੰਘ ਢਿੱਲੋਂ ਨੇ ਸ਼ਹੀਦ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਸਕਾਰ ਮੌਕੇ ਫ਼ੌਜ ਦੇ ਜਵਾਨਾਂ ਨੇ ਸੋਗਮਈ ਧੁਨ ਦੇ ਕੇ ਹਥਿਆਰਾਂ ਨਾਲ ਸਲਾਮੀ ਦਿਤੀ। ਚਿਖਾ ਨੂੰ ਅਗਨੀ ਸ਼ਹੀਦ ਦੇ ਛੇ ਸਾਲਾ ਪੁੱਤਰ ਰਸ਼ਨੂਰ ਸਿੰਘ ਨੇ ਵਿਖਾਈ।
ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਵਾਰ ਨੂੰ 12 ਲੱਖ ਰੁਪਏ ਦੀ ਆਰਥਕ ਸਹਾਇਤਾ ਰਾਸ਼ੀ ਅਤੇ ਯੋਗਤਾ ਦੇ ਆਧਾਰ 'ਤੇ ਸ਼ਹੀਦ ਦੀ ਸੁਪਤਨੀ ਨੂੰ ਸਰਕਾਰੀ ਨੌਕਰੀ ਦਿਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕਾ ਪ੍ਰੋ ਬਲਜਿੰਦਰ ਕੌਰ, ਖੁਸ਼ਬਾਜ ਸਿੰਘ ਜਟਾਣਾ ਆਦਿ ਵੀ ਹਾਜ਼ਰ ਸਨ। ਸਕੂਲ ਦਾ ਨਾਂਅ ਸ਼ਹੀਦ ਦੇ ਨਾਂਅ ਉਪਰ ਰੱਖਿਆ ਜਾਵੇ:ਸੇਵਾਮੁਕਤ ਫ਼ੌਜੀਪਿੰਡ ਦੇ ਸਾਬਕਾ ਫ਼ੌਜੀ ਬਲਵਿੰਦਰ ਸਿੰਘ ਕੌਰੇਆਣਾ, ਸੇਵਾ ਮੁਕਤ ਸੂਬੇਦਾਰ ਮੇਜਰ ਸਿੰਘ ਜੌੜਕੀਆਂ, ਸਰਪੰਚ ਬੂਟਾ ਸਿੰਘ, ਮੇਜਰ ਸਿੰਘ ਕੌਰੇਆਣਾ, ਜਥੇਦਾਰ ਜੰਗ ਸਿੰਘ, ਯਾਦਵਿੰਦਰ ਸਿੰਘ, ਡਾਕਟਰ ਪਰਮਜੀਤ ਸਿੰਘ ਕੌਰੇਆਣਾ, ਸਾਬਕਾ ਚੇਅਰਮੈਨ ਜਸਵੰਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਾ ਨਾਮ ਸ਼ਹੀਦ ਕੁਲਦੀਪ ਸਿੰਘ ਦੇ ਨਾਮ 'ਤੇ ਰਖਿਆ ਜਾਵੇ।
ਸ਼ਹੀਦ ਦੀ ਅੰਗਹੀਣ ਮਾਤਾ ਰਾਣੀ ਕੌਰ ਦੀ ਪੈਨਸ਼ਨ ਲਾਈ ਜਾਵੇ, ਬੱਚਿਆਂ ਦੀ ਮੁਫ਼ਤ ਵਿਦਿਆ ਦਾ ਪ੍ਰਬੰਧ ਹੋਵੇ, ਪਰਵਾਰ ਨੂੰ ਆਮਦਨ ਦੇ ਵਸੀਲੇ ਲਈ ਇਕ ਪਟਰੌਲ ਪੰਪ ਜਾਂ ਗੈਸ ਏਜੰਸੀ ਅਲਾਟ ਕੀਤੀ ਜਾਵੇ।