ਚੰਡੀਗੜ੍ਹ, 19 ਫ਼ਰਵਰੀ (ਤਰੁਣ ਭਜਨੀ): ਸੈਕਟਰ-22ਬੀ ਸਥਿਤ ਮਾਰਕੀਟ ਵਿਚ ਸੋਮਵਾਰ ਸ਼ਾਮੀ ਇਕ ਵਾਰ ਫ਼ਿਰ ਭਿਆਨਕ ਅੱਗ ਲੱਗ ਗਈ। ਇਸ ਵਾਰ ਸ਼ੋਅਰੂਮ ਨੰਬਰ 1036-37 ਦੀ ਦੂਜੀ ਮੰਜ਼ਲ 'ਤੇ ਅੱਗ ਲੱਗੀ। ਬਲੂ ਸਟਾਰ ਫ਼ੋਟੋ ਐਲਬਮ ਸਟੂਡੀਉ ਵਿਚ ਵੇਖਦੇ ਹੀ ਵੇਖਦੇ ਸਾਰਾ ਸਮਾਨ ਅੱਗ ਦੀ ਭੇਂਟ ਚੜ੍ਹ ਗਿਆ। ਮੌਕੇ 'ਤੇ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਪੌੜੀ ਲਗਾ ਕੇ ਉਪਰ ਚੜ੍ਹੇ ਅਤੇ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੋਏ। ਇਮਾਰਤ ਵਿਚ ਧੂੰਆਂ ਕਾਫ਼ੀ ਸੀ। ਇਸ ਦੇ ਬਾਵਜੂਦ ਕਰਮਚਾਰੀ ਪੂਰੀ ਮੁਸ਼ਕਤ ਨਾਲ ਅੱਗ 'ਤੇ ਕਾਬੂ ਪਾਉਣ ਵਿਚ ਜੁਟ ਗਏ। ਦਸਿਆ ਜਾਂਦਾ ਹੈ ਕਿ ਦੂਜੀ ਮੰਜ਼ਲ 'ਤੇ ਵੱਖ-ਵੱਖ ਕਾਰੋਬਾਰੀ ਅਪਣਾ ਕੰਮ ਕਰਦੇ ਹਨ ਜਿਸ ਵਿਚ ਭਰਤ ਟਰੇਡਿੰਗ ਕੰਪਨੀ, ਸੈਮਸੰਗ ਅਸ਼ੋਕਾ ਐਂਟਰਪ੍ਰਾਈਜਿਜ਼, ਗੁਰਨੂਰ ਸਲੂਸ਼ਨਜ਼ ਅਤੇ ਹੋਰ ਵੀ ਕਈ ਵਪਾਰੀ ਹਨ ਜਿਨ੍ਹਾਂ ਨੂੰ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਇਆ।
ਇਹ ਸਾਰੇ ਵਪਾਰੀ ਇਥੇ ਕਿਰਾਏ 'ਤੇ ਕੰਮ ਕਰਦੇ ਹਨ। ਫ਼ਾਇਰ ਅਧਿਕਰੀਆਂ ਨੇ ਦਸਿਆ ਕਿ ਸ਼ੋਅਰੂਮ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਵਲੋਂ ਅੱਗ ਬੁਝਾਉਣ ਵਾਲੀ ਤਿੰਨ ਗੱਡੀਆਂ ਨੂੰ ਤੁਰਤ ਰਵਾਨਾ ਕਰ ਦਿਤਾ ਗਿਆ ਸੀ।ਅੱਗ ਲੱਗਣ ਤੋਂ ਬਾਅਦ ਨੇੜੇ-ਤੇੜੇ ਦੇ ਸ਼ੋਅਰੂਮ ਬੰਦ ਕਰਵਾ ਦਿਤੇ ਗਏ ਅਤੇ ਲੋਕ ਬਾਹਰ ਇਕੱਠੇ ਹੋ ਗਏ। ਮੌਕੇ 'ਤੇ ਐਂਬੂਲੈਂਸ ਤੋਂ ਇਲਾਵਾ ਪੁਲਿਸ ਵੀ ਮੌਜੂਦ ਸੀ। ਘਟਨਾ ਦਾ ਜਾਇਜ਼ਾ ਲੈਣ ਲਈ ਖ਼ੁਦ ਮੇਅਰ ਦਿਵੇਸ਼ ਮੋਦਗਿਲ ਮੌਕੇ 'ਤੇ ਪਹੁੰਚੇ। ਦਸਿਆ ਜਾ ਰਿਹਾ ਹੈ ਕਿ ਇਹ ਸ਼ੋਅਰੂਮ ਸੈਕਟਰ-22 ਦੇ ਰਹਿਣ ਵਾਲੇ ਸ਼ਿਵ ਕਪੁਰ ਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਮਾਰਕੀਟ ਵਿਚ ਕਈ ਵਾਰ ਅੱਗ ਲੱਗ ਚੁਕੀ ਹੈ ਜਿਸ ਵਿਚ ਕਈ ਲੋਕ ਅਪਣੀ ਜਾਨ ਤਕ ਗਵਾ ਚੁਕੇ ਹਨ।