ਸਕੂਲੀ ਬੱਚਿਆਂ ਤੱਕ ਇਸ ਤਰ੍ਹਾਂ ਪਹੁੰਚਾਈ ਜਾ ਰਹੀ ਹੈ ਨਸ਼ੇ ਦੀ ਸਪਲਾਈ

ਲੁਧਿਆਣਾ : ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਇਸ ਕਦਰ ਵਧ ਗਈ ਸੀ, ਜਿਸ ਕਾਰਨ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਵਜੋਂ ਦੇਖਿਆ ਜਾਣ ਲੱਗਿਆ ਸੀ। ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਡਰੱਗ ਸਪਲਾਈ ਹੁੰਦੀ ਰਹਿੰਦੀ ਹੈ। ਭਾਵੇਂ ਕਿ ਇਸ ਦੌਰਾਨ ਬਹੁਤ ਸਾਰੀ ਡਰੱਗਜ਼ ਨੂੰ ਫੜ ਲਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਫਿਰ ਵੀ ਡਰੱਗ ਦੀ ਸਪਲਾਈ ਹੋ ਰਹੀ ਹੈ। 

ਜਿਸ ਨਾਲ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ।ਦੇਸ਼ ਵਿਰੋਧੀ ਖ਼ਾਸ ਕਰਕੇ ਪੰਜਾਬ ਵਿਰੋਧੀ ਤਾਕਤਾਂ ਹਰ ਸਮੇਂ ਇਸੇ ਤਾਕ ਵਿਚ ਹਨ ਕਿ ਕਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਜਾਵੇ। ਆਪਣੇ ਇਨ੍ਹਾਂ ਨਾਪਾਕ ਮਨਸੂਬਿਆਂ ਵਿਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹਏ ਹਨ। ਹੁਣ ਖ਼ਬਰ ਆ ਰਹੀ ਹੈ ਕਿ ਸਕੂਲਾਂ ਵਿਚ ਸਟ੍ਰਾਬੇਰੀ ਕੁਇੱਕ ਨਾਂ ਨਾਲ ਡਰੱਗਸ ਬੱਚਿਆਂ ਤੱਕ ਪਹੁੰਚ ਰਹੀ ਹੈ। 

ਇਹ ਸਕੂਲਾਂ ਦੇ ਕੋਲ ਧੜੱਲੇ ਨਾਲ ਵਿਕ ਰਹੀ ਹੈ। ਕੈਂਡੀ ਦੇ ਰੂਪ ਵਿਚ ਇਹ ਨਸ਼ਾ ਸੌਖਿਆਂ ਹੀ ਬੱਚਿਆਂ ਨੂੰ ਮਿਲ ਰਿਹਾ ਹੈ ਅਤੇ ਸੁਆਦ ਦੇ ਚੱਕਰ ਵਿਚ ਬੱਚੇ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਇਨ੍ਹਾਂ ਕੈਂਡੀ ਦੇ ਜ਼ਰੀਏ ਨਸ਼ਾ ਲੈ ਰਹੇ ਹਨ।ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਬੱਚਿਆਂ ਦੇ ਮਾਪਿਆਂ ਵਿਚ ਪਰੇਸ਼ਾਨੀ ਦਾ ਆਲਮ ਹੈ, ਉਥੇ ਹੀ ਸਕੂਲ ਪ੍ਰਬੰਧਕ ਵੀ ਇਸ ਨਾਲ ਚਿੰਤਾ ਵਿਚ ਆ ਗਏ ਹਨ। 

ਕਈ ਸਕੂਲਾਂ ਨੇ ਤਾਂ ਨੋਟਿਸ ਬੋਰਡਾਂ ‘ਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਲਈ ਨੋਟਿਸ ਵੀ ਚਿਪਕਾ ਦਿੱਤੇ ਹਨ ਅਤੇ ਬੱਚਿਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਇਸ ਨਸ਼ੇ ਦੀ ਪਕੜ ਵਿਚ ਨਾ ਆ ਸਕਣ।ਕੈਂਡੀ ਬੱਚਿਆਂ ਨੂੰ ਕਾਫ਼ੀ ਪਸੰਦ ਹੁੰਦੀ ਹੈ, ਇਸ ਲਈ ਨਸ਼ੇ ਦੇ ਸੌਦਾਗਰਾਂ ਨੇ ਇਹ ਡਰੱਗਸ ਕੈਂਡੀ ਦੀ ਸ਼ਕਲ ਵਿਚ ਬਣਾਈ ਹੈ। ਕੈਂਡੀ ਵਿਚ ਕ੍ਰਿਸਟਲ ਹੈ ਜੋ ਨਸ਼ੇ ਦੇ ਤੌਰ ‘ਤੇ ਕੰਮ ਕਰਦਾ ਹੈ। 

ਬੱਚੇ ਇਸ ਨੂੰ ਆਮ ਕੈਂਡੀਆਂ ਦੀ ਤਰ੍ਹਾਂ ਬਹੁਤ ਚਾਅ ਨਾਲ ਖਾਂਦੇ ਹਨ ਕਿਉਂਕਿ ਇਸ ਦੀ ਖ਼ੁਸ਼ਬੂ ਅਤੇ ਸੁਆਦ ਉਨ੍ਹਾਂ ਨੂੰ ਬੜਾ ਚੰਗਾ ਲਗਦਾ ਹੈ। ਇਹ ਮੂੰਹ ਵਿਚ ਰੱਖਦਿਆਂ ਹੀ ਇਹ ਘੁਲਣ ਲੱਗਦੀ ਹੈ। ਇਹ ਗੁਲਾਬੀ ਰੰਗ ਦੀ ਕੈਂਡੀ ਹੈ ਜੋ ਸਟ੍ਰਾਬੇਰੀ ਤੋਂ ਇਲਾਵਾ ਚਾਕਲੇਟ ਤੇ ਹੋਰ ਕਈ ਫਲੇਵਰਾਂ ਵਿਚ ਵੀ ਉਪਲਬਧ ਹੈ।

ਬੱਚਿਆਂ ਨੂੰ ਨਸ਼ੇ ਦਾ ਆਦੀ ਬਣਾਉਣ ਲਈ ਡਰੱਗਸ ਡੀਲਰ ਧੜੱਲੇ ਨਾਲ ਇਸ ਨੂੰ ਸਕੂਲਾਂ ਦੇ ਨੇੜੇ ਤੇੜੇ ਵੇਚ ਰਹੇ ਹਨ। ਹੌਲੀ-ਹੌਲੀ ਬੱਚਿਆਂ ਨੂੰ ਇਸ ਕੈਂਡੀ ਦੀ ਆਦਤ ਪੈ ਜਾਂਦੀ ਹੈ। ਇਸ ਨਾਲ ਬੱਚੇ ਸੁਸਤ ਹੋ ਜਾਂਦੇ ਹਨ ਅਤੇ ਪੜ੍ਹਾਈ ਵਿਚ ਵੀ ਬੱਚਿਆਂ ਦਾ ਧਿਆਨ ਨਹੀਂ ਲਗਦਾ। ਹੌਲੀ-ਹੌਲੀ ਬੱਚੇ ਗੰਭੀਰ ਬਿਮਾਰੀਆਂ ਦੀ ਪਕੜ ਵਿਚ ਆ ਜਾਂਦੇ ਹਨ। 

ਸ਼ੋਸਲ ਮੀਡੀਆ ਰਾਹੀਂ ਸਕੂਲ ਮੈਨੇਜਮੈਂਟਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਡਰੱਗਸ ਦੇ ਸਾਹਮਣੇ ਆਉਂਦਿਆਂ ਹੀ ਸਕੂਲ ਮੈਨੇਜਮੈਂਟ ਤੇ ਮਾਪੇ ਡਰੇ ਹੋਏ ਹਨ। ਸਕੂਲ ਮੈਨੇਜਮੈਂਟ ਨੇ ਨਾ ਸਿਰਫ਼ ਇਹਤਿਆਤ ਦੇ ਤੌਰ ‘ਤੇ ਮਾਪਿਆਂ ਨੂੰ ਮੈਸੇਜ਼ ਕਰਨੇ ਸ਼ੁਰੂ ਕਰ ਦਿੱਤੇ ਹਨ, ਨਾਲ ਹੀ ਬੱਚਿਆਂ ਨੂੰ ਵੀ ਇਸ ਬਾਰੇ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਅਜਿਹੀਆਂ ਕੈਂਡੀਆਂ ਤੋਂ ਦੂਰ ਰਹਿਣ। 

ਖ਼ਾਸ ਤੌਰ ‘ਤੇ ਕਿਸੇ ਵੀ ਸ਼ੱਕੀ ਵਿਅਕਤੀ ਕੋਲੋਂ ਇਸ ਤਰ੍ਹਾਂ ਦੀ ਕੋਈ ਕੈਂਡੀ ਨਾਲ ਲੈਣ। ਮਹਾਨਗਰ ਦੇ ਕਈ ਸਕੂਲਾਂ ਨੇ ਤਾਂ ਬਕਾਇਦਾ ਬੋਰਡ ‘ਤੇ ਨੋਟਿਸ ਲਗਾ ਕੇ ਬੱਚਿਆਂ ਤੇ ਮਾਪਿਆਂ ਨੂੰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ।ਇਹ ਮਾਮਲਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੱਕ ਵੀ ਪਹੁੰਚ ਗਿਆ ਹੈ ਕਿਉਂਕਿ ਮਾਮਲਾ ਬੱਚਿਆਂ ਨਾਲ ਜੁੜਿਆ ਹੋਣ ਕਰਕੇ ਜ਼ਿਆਦਾ ਗੰਭੀਰ ਹੈ। 

ਪੁਲਿਸ ਨਾ ਸਿਰ਼ ਇਹ ਡਰੱਗਸ ਵੇਚਣ ਵਾਲਿਆਂ ‘ਤੇ ਨਜ਼ਰ ਰੱਖ ਰਹੀ ਹੈ, ਸਗੋਂ ਇਸ ਗੱਲ ਦਾ ਪਤਾ ਵੀ ਲਗਾਇਆ ਜਾ ਰਿਹਾ ਹੈ ਕਿ ਇਹ ਡਰੱਗਸ ਕਿੱਥੇ ਤਿਆਰ ਹੋ ਰਹੀ ਹੈ ਅਤੇ ਬੱਚਿਆਂ ਨੂੰ ਇਸ ਦਾ ਆਦੀ ਬਣਾਉਣ ਪਿੱਛੇ ਕੀ ਕਾਰਨ ਹਨ।ਪਿਛਲੇ ਦਸ ਸਾਲਾਂ ਵਿਚ ਪੰਜਾਬ ਦਾ ਨੌਜਵਾਨ ਵਰਗ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕਿਆ ਹੈ। 

ਪੰਜਾਬ ਨੂੰ ਨਸ਼ਿਆਂ ਦੀ ਮੰਡੀ ਵਜੋਂ ਦੇਖਿਆ ਜਾਣ ਲੱਗਾ ਹੈ। ਪੰਜਾਬ ਦਾ ਅਜਿਹਾ ਸ਼ਾਇਦ ਹੀ ਕੋਈ ਘਰ ਹੋਵੇਗਾ ਜੋ ਨਸ਼ਿਆਂ ਤੋਂ ਦੂਰ ਹੋਵੇਗਾ। ਬੱਚਿਆਂ ਨੂੰ ਨਸ਼ੇ ਦਾ ਆਦੀ ਬਣਾਉਣ ਪਿੱਛੇ ਕੋਈ ਵੱਡੀ ਸਾਜਿਸ਼ ਜਾਪਦੀ ਹੈ, ਜਿਸ ਦਾ ਖ਼ੁਲਾਸਾ ਹੋਣਾ ਜ਼ਰੂਰੀ ਹੈ।