ਸਮਰਾਲਾ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਖਾਸ ਖ਼ਬਰਾਂ

ਲੁਧਿਆਣਾ : ਤਹਿਸੀਲ ਖੰਨਾ ਦੇ ਕਸਬਾ ਸਮਰਾਲਾ ਵਿਚ ਇਕ ਪਰਿਵਾਰ ਦੇ 3 ਮੈਂਬਰਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨੇ ਮ੍ਰਿਤਕਾਂ ਦੇ ਹੱਥ ਪੈਰ ਬੰਨ੍ਹੇ ਹੋਏ ਸਨ। ਮ੍ਰਿਤਕਾਂ 'ਚ ਪਤੀ, ਪਤਨੀ ਤੇ ਉਨ੍ਹਾਂ ਦਾ ਪੁੱਤਰ ਸ਼ਾਮਲ ਹੈ, ਜੋ ਕਿ ਫ਼ਤਿਹਗੜ੍ਹ ਸਾਹਿਬ ਦੇ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਇਸ ਤੀਹਰੇ ਕਤਲ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ। ਸਮਰਾਲਾ ਵਿਖੇ ਪਤੀ, ਪਤਨੀ ਅਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 

ਪਰਿਵਾਰ ਸਮਰਾਲਾ ਦੇ ਨਜ਼ਦੀਕੀ ਪਿੰਡ ਚਹਿਲਾਂ ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਪੁਲਿਸ ਦੀ ਪੜਤਾਲ ਮਗਰੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਪਰਿਵਾਰ ਮੂਲ ਰੂਪ 'ਚ ਫਤਹਿਗੜ੍ਹ ਸਾਹਿਬ ਦੇ ਪਿੰਡ ਮੀਰਪੁਰ ਦਾ ਰਹਿਣ ਵਾਲਾ ਹੈ। ਇਥੋਂ ਤੱਕ ਕਿ ਕਾਤਲਾਂ ਵੱਲੋਂ ਪਰਿਵਾਰ ਨੂੰ ਕਤਲ ਕਰਨ ਤੋਂ ਪਹਿਲਾਂ ਤਿੰਨਾਂ ਦੇ ਹੱਥ ਬੰਨ੍ਹ ਦਿੱਤੇ ਗਏ ਸਨ ਤਾਂ ਜੋ ਉਹ ਕੀਤੇ ਭੱਜ ਨਾ ਸਕਣ। ਪੁਲਿਸ ਵਿਭਾਗ ਨੇ ਮਰਨ ਵਾਲਿਆਂ ਦੀ ਪਛਾਣ ਸੁਖਦੇਵ ਸਿੰਘ (50) ਉਸਦੀ ਪਤਨੀ ਗੁਰਮੀਤ ਕੌਰ (48) ਅਤੇ ਪੁੱਤਰ ਹਰਜੋਤ ਸਿੰਘ (25) ਵਜੋਂ ਕੀਤੀ ਹੈ। ਸਮਰਾਲਾ ਦਿਹਾਤੀ ਪੁਲਿਸ ਵਿਭਾਗ ਨੇ ਮੌਕੇ ਤੇ ਪਹੁੰਚ ਲੈ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੁਲਿਸ ਵਿਭਾਗ ਇਸ ਮਾਮਲੇ 'ਚ ਫੋਰੈਂਸਿਕ ਟੀਮ ਦੀ ਸਹਾਇਤਾ ਵੀ ਲੈ ਰਹੀ ਹੈ। ਪਹਿਲੀ ਨਜ਼ਰ ਵਿਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ। ਲੁੱਟ ਦੇ ਮਾਮਲੇ ਦੀ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਪੁਲਿਸ ਵਿਭਾਗ ਇਸ ਕਤਲ ਨੂੰ ਹਰ ਪੱਖੋਂ ਜਾਂਚ ਰਹੀ ਹੈ। ਫੋਰੈਂਸਿਕ ਟੀਮ ਇਹ ਪਤਾ ਕਰਨ ਵਿੱਚ ਲਗੀ ਹੋਈ ਹੈ ਕਿ ਇਸ ਕਤਲ ਵਿਚ ਕਾਤਲਾਂ ਵੱਲੋਂ ਕਿਸ ਤਰ੍ਹਾਂ ਦੇ ਹਥਿਆਰ ਵਰਤੇ ਗਏ ਹਨ। ਪੁਲਿਸ ਵਿਭਾਗ ਅਤੇ ਫੋਰੈਂਸਿਕ ਟੀਮ ਹਰ ਬਰੀਕ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਕਾਤਲਾਂ ਦੀ ਪਹਿਚਾਣ ਹੋ ਸਕੇ। ਸ਼ਹਿਰ ਵਿਚ ਨਾਕਾ ਬੰਦੀ ਕਰ ਕੇ ਵਾਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ।