ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹੋ ਜਾਣ ਸਾਵਧਾਨ, ਲੱਗੇਗਾ ਭਾਰੀ ਜੁਰਮਾਨਾ

ਜਲੰਧਰ -ਦੇਸ਼ ਭਰ ਵਿਚ ਸੜਕ ਹਾਦਸਿਆਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਕੇਂਦਰ ਸਰਕਾਰ ਗੰਭੀਰਤਾ ਨਾਲ ਕਦਮ ਅੱਗੇ ਵਧਾ ਰਹੀ ਹੈ। ਛੇਤੀ ਹੀ ਦੇਸ਼ ਭਰ ਵਿਚ ਸੋਧਿਆ ਹੋਇਆ ਮੋਟਰ ਵਹੀਕਲ ਐਕਟ ਲਾਗੂ ਹੋਣ ਜਾ ਰਿਹਾ ਹੈ। ਨਵੇਂ ਮੋਟਰ ਵਹੀਕਲ ਐਕਟ ਅਨੁਸਾਰ ਜਿਥੇ ਵਾਹਨ ਚਾਲਕਾਂ ਨੂੰ 100 ਫ਼ੀ ਸਦੀ ਈ. ਚਲਾਨ ਭੁਗਤਣ ਦੀ ਸਹੂਲਤ ਦਿਤੀ ਜਾਵੇਗੀ। ਉਥੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੁਣ ਟ੍ਰੈਫ਼ਿਕ ਪੁਲਿਸ ਦਾ ਸ਼ਿਕੰਜਾ ਤੇਜ਼ ਹੋਵੇਗਾ। 

ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ 'ਤੇ ਸੱਭ ਤੋਂ ਵੱਧ ਗਾਜ਼ ਡਿਗਣ ਵਾਲੀ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਕੋਲੋਂ ਹੁਣ 25 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਹ ਹੀ ਨਹੀਂ ਤਿੰਨ ਵਾਰ ਜੁਰਮਾਨਾ ਹੋਣ 'ਤੇ ਦੇਸ਼ ਭਰ ਵਿਚ ਵਾਹਨ ਚਾਲਕ ਦਾ ਲਾਇਸੈਂਸ ਰੱਦ ਕਰ ਦਿਤਾ ਜਾਵੇਗਾ ਉਹ ਦੁਬਾਰਾ ਅਪਣਾ ਲਾਇਸੈਂਸ ਨਹੀਂ ਬਣਵਾ ਸਕੇਗਾ। ਦੇਸ਼ ਭਰ ਵਿਚ ਹਰ ਸਾਲ ਲਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿਚ ਹਰ ਸਾਲ ਲਗਭਗ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਨਾਲੋਂ ਦੁਗਣੇ ਲੋਕ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ ਜਾਂ ਜ਼ਿੰਦਗੀ ਭਰ ਲਈ ਅਪਾਹਜ ਹੋ ਜਾਂਦੇ ਹਨ। 

ਮਿਨੀਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਰੋਡਵੇਜ਼ ਨੇ ਇਨ੍ਹਾਂ ਅੰਕੜਿਆਂ ਨੂੰ ਪੇਸ਼ ਕਰਦਿਆਂ ਇਹ ਜ਼ਰੂਰ ਦਰਸਾਇਆ ਸੀ ਕਿ ਮੋਟਰ ਵਹੀਕਲ ਐਕਟ 1988 ਵਿਚ ਸੋਧ ਦੀ ਲੋੜ ਹੈ। ਮੋਟਰ ਵਹੀਕਲ ਐਕਟ 1988 ਵਿਚ 223 ਸੈਕਸ਼ਨ ਸਨ ਤੇ 68 ਸੈਕਸ਼ਨ ਰਿਪਲੇਸ ਕਰਨ ਦੀ ਲੋੜ ਦੱਸੀ ਗਈ ਸੀ। ਮਿਨੀਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਮਿਨੀਸਟਰ (ਜੀ. ਓ. ਐੱਮ.) ਆਫ਼ ਸਟੇਟ ਦਾ ਗਠਨ ਕੀਤਾ ਗਿਆ ਸੀ। 

ਇਸ ਦੇ ਮੱਦੇਨਜ਼ਰ ਹੁਣ ਨਵੇਂ ਐਕਟ ਵਿਚ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਉਸ ਕੋਲੋਂ 25 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਬਿਨਾਂ ਬੀਮਾ ਗੱਡੀ ਚਲਾਉਣ 'ਤੇ 10 ਹਜ਼ਾਰ ਰੁਪਏ ਜੁਰਮਾਨਾ ਭੁਗਤਣਾ ਹੋਵੇਗਾ। ਜਦੋਂ ਕਿ ਬਿਨਾ ਡਰਾਈਵਿੰਗ ਲਾਇਸੈਂਸ ਗੱਡੀ ਚਲਾਉਣ 'ਤੇ 10 ਹਜ਼ਾਰ ਰੁਪਏ ਜੁਰਮਾਨੇ ਦੇ ਨਾਲ ਵਾਹਨ ਨੂੰ ਜ਼ਬਤ ਕਰਨ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਬਿਨਾਂ ਹੈਲਮੈੱਟ ਵਾਹਨ ਚਲਾਉਣ 'ਤੇ 1 ਹਜ਼ਾਰ ਰੁਪਏ ਜੁਰਮਾਨਾ ਤੇ ਬਿਨਾਂ ਪ੍ਰਦੂਸ਼ਣ ਚੈੱਕ ਕਰਵਾਏ ਵਾਹਨ ਚਲਾਉਣ 'ਤੇ 1500 ਰੁਪਏ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ। 

ਵਾਹਨ ਚਲਾਉਂਦੇ ਸਮੇਂ ਜੇਕਰ ਮੋਬਾਈਲ 'ਤੇ ਗੱਲ ਕਰਦਿਆਂ ਵਾਹਨ ਚਾਲਕ ਫੜਿਆ ਗਿਆ ਤਾਂ ਉਸ ਕੋਲੋਂ 5 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਨਵੇਂ ਐਕਟ ਤਹਿਤ ਵਾਹਨ ਚਾਲਕਾਂ 'ਤੇ ਜ਼ਿਆਦਾ ਸਖ਼ਤੀ ਵਰਤਦਿਆਂ ਜੇਕਰ ਕਿਸੇ ਵਾਹਨ ਚਾਲਕ ਦਾ ਤਿੰਨ ਵਾਰ ਚਲਾਨ ਹੋ ਜਾਂਦਾ ਹੈ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਦੇਸ਼ ਭਰ ਵਿਚ ਰੱਦ ਕਰ ਦਿਤਾ ਜਾਵੇਗਾ।