ਸ਼ਰਾਬੀ ਗਾਰਡ ਨੇ ਖੇਡ ਰਹੇ ਤਿੰਨ ਬੱਚਿਆਂ ਨੂੰ ਮਾਰੀ ਗੋਲ਼ੀ, ਮਾਸੂਮ 3 ਤੇ 6 ਸਾਲ ਦੇ ਭਰਾ-ਭੈਣ ਦੀ ਮੌਤ

ਖਾਸ ਖ਼ਬਰਾਂ

ਉੱਤਰ ਪ੍ਰਦੇਸ਼ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲ਼ੀ ਘਟਨਾ ਸਾਹਮਣੇ ਆਈ ਹੈ ਇਕ ਸ਼ਰਾਬੀ ਸੁਰੱਖਿਆ ਗਾਰਡ ਦੀ ਦਰਿੰਦਗੀ ਕਾਰਨ ਦੋ ਮਾਸੂਮ ਬੱਚਿਆਂ ਜੋ ਰਿਸ਼ਤੇ ‘ਚ ਭੇਣ ਭਰਾ ਲਗਦੇ ਸਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਘਟਨਾ ਏਟਾ ਜ਼ਿਲ੍ਹੇ ਦੀ ਹੈ ਜਿਥੇ ਸ਼ਰਾਬ ਦੇ ਨਸ਼ੇ 'ਚ ਧੁੱਤ ਇਕ ਸੁਰੱਖਿਆ ਗਾਰਡ ਨੇ ਗੋਲੀ ਮਾਰ ਕੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ। ਏਟਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।  

ਪੁਲਿਸ ਮੁਤਾਬਿਕ ਦੋਸ਼ੀ ਸ਼ਰਾਬ ਦੇ ਨਸ਼ੇ 'ਚ ਪੀੜਤ ਪਰਿਵਾਰ ਦੇ ਘਰ ਦੇ ਬਾਹਰ ਖੜਾ ਸੀ। ਬੱਚਿਆਂ ਦੀ ਮਾਂ ਨੇ ਜਦੋਂ ਉਸ ਨੂੰ ਉਥੋਂ ਜਾਣ ਲਈ ਕਿਹਾ ਤਾਂ ਉਸ ਨੇ ਘਰ ਦੇ ਬਾਹਰ ਖੇਡ ਰਹੇ ਬੱਚਿਆਂ 'ਤੇ ਆਪਣੀ ਲਾਈਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ।  ਗੋਲੀ ਲੱਗਣ ਕਾਰਨ ਭੈਣ ਭਰਾ ਦੀ ਮੌਤ ਹੋ ਗਈ ਤੇ ਇਕ ਬੱਚੀ ਜ਼ਖਮੀ ਹੋ ਗਈ। ਮ੍ਰਿਤਕਾਂ ਵਿਚ ਭਰਾ ਦੀ ਉਮਰ ਤਿੰਨ ਸਾਲ ਸੀ ਤੇ ਭੈਣ ਦੀ ਉਮਰ 6 ਸਾਲ ਹੈ। 

ਉੱਤਰ ਪ੍ਰਦੇਸ਼ ਤੋਂ ਲਗਾਤਾਰ ਇਸ ਤਰਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇਥੋਂ ਦੀ ਸਰਕਾਰ ਵਧ ਰਹੇ ਜ਼ੁਰਮ ‘ਤੇ ਕਾਬੂ ਪਾਉਣ ‘ਚ ਅਸਮਰੱਥ ਨਜ਼ਰ ਆ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਮਾਮਲਾ ਜਸਰਥਪੁਰ ਥਾਣਾਖੇਤਰ ਦੇ ਪਿੰਡ ਦੇਵਤਰਿਆ ਦਾ ਹੈ। ਜਿੱਥੇ ਇੱਕ ਪ੍ਰਾਈਵੇਟ ਸਕਿਉਰਿਟੀ ਕੰਪਨੀ ਵਿੱਚ ਗਾਰਡ ਦੀ ਨੌਕਰੀ ਕਰਨ ਵਾਲੇ ਸੁਰਿੰਦਰ ਸਿੰਘ ਇਸ ਪਿੰਡ ਵਿੱਚ ਆਇਆ। ਉਹ ਪਿੰਡ ਵਿੱਚ ਸ਼ਰਾਬ ਪੀਣ ਲਈ ਬੈਠ ਗਿਆ। 

ਉਸਨੇ ਕੋਲ ਹੀ ਖੇਡ ਰਹੇ ਬੱਚਿਆਂ ਤੋਂ ਪੀਣ ਲਈ ਪਾਣੀ ਮੰਗਿਆ। ਬੱਚੀਆਂ ਦੇ ਪਾਣੀ ਦੇਣ ਤੋਂ ਮਨਾ ਕਰਨ ਉੱਤੇ ਸੁਰਿੰਦਰ ਨੂੰ ਗੁੱਸਾ ਆ ਗਿਆ। ਉਸਨੇ ਆਪਣੀ ਬੰਦੂਕ ਚੁੱਕ ਕੇ ਬੱਚਿਆਂ ਉੱਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿੱਚ ਪਿੰਡ ਦੇ ਰਹਿਣ ਵਾਲੇ ਇਦਰੀਸ਼ ਦੀ ਧੀ ਗੁਲਫਸਾਂ ਅਤੇ ਬੇਟੇ ਸ਼ਾਨ ਮੁਹੰਮਦ ਨੂੰ ਗੋਲੀ ਲੱਗਣ ਨਾਲ ਦੋਵਾਂ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਤੀਜੀ ਬੱਚੀ ਸੋਨੀ ਪੁੱਤਰੀ ਮਹਿਮੂਦ ਗੋਲੀ ਲੱਗਣ ਨਾਲ ਜਖ਼ਮੀ ਹੋ ਗਈ ਜਿਸਦਾ ਇਲਾਜ਼ ਚੱਲ ਰਿਹਾ ਹੈ।