ਧਾਰੀਵਾਲ, 8 ਜਨਵਰੀ (ਇੰਦਰਜੀਤ) : ਬੀਤੀ ਰਾਤ ਦੋ ਮੋਟਰ ਸਾਈਕਲਾਂ ਦਰਮਿਆਨ ਹੋਈ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਾ ਵਾਸੀ ਪਿੰਡ ਕਲੇਰਕਲਾਂ ਅਪਣੇ ਮੋਟਰ ਸਾਈਕਲ ਨੰਬਰ ਪੀਬੀ35ਆਰ-1062 'ਤੇ ਸਾਥੀ ਨਿਸ਼ਾਨ ਮਸੀਹ ਨਾਲ ਪਿੰਡ ਕਲੇਰਕਲਾਂ ਤੋਂ ਧਾਰੀਵਾਲ ਕਿਸੇ ਕੰਮ ਲਈ ਆ ਰਹੇ ਸਨ ਤਾਂ ਜਦ ਸ਼ਾਹ ਪੈਟਰੋਲ ਪੰਪ ਦੇ ਨਜ਼ਦੀਕ ਜੀ.ਟੀ. ਰੋਡ 'ਤੇ ਪਹੁੰਚੇ ਤਾਂ ਧਾਰੀਵਾਲ ਤੋਂ ਪਿੰਡ ਕਲੇਰਕਲਾਂ ਵੱਲ ਜਾ ਰਿਹਾ ਇਕ ਮੋਟਰ ਸਾਈਕਲ ਨੰਬਰ ਪੀਬੀ35 ਐਲ 1396 ਜਿਸਨੂੰ ਲਵਪ੍ਰੀਤ ਸਿੰਘ ਵਾਸੀ ਪਿੰਡ ਕਲੇਰਕਲਾਂ ਚਲਾ ਰਿਹਾ ਸੀ, ਨਾਲ ਜਬਰਦਸਤ ਟੱਕਰ ਹੋ ਗਈ। ਜਿਸ ਨਾਲ ਰਾਜਾ, ਨਿਸ਼ਾਨ
ਮਸੀਹ, ਲਵਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀ ਜਦ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਤਾਂ ਰਾਜਾ ਦੀ ਰਸਤੇ ਵਿਚ ਹੀ ਮੌਤ ਹੋ ਗਈ ਜਦਕਿ ਲਵਪ੍ਰੀਤ ਸਿੰਘ ਦੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ ਜਦਕਿ ਨਿਸ਼ਾਨ ਮਸੀਹ ਅਤੇ ਮਨਦੀਪ ਸਿੰਘ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾ ਦਿਤਾ। ਏ.ਐਸ.ਆਈ. ਰਣਜੀਤ ਸਿੰਘ ਨੇ ਦਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।