ਸੜਕ ਹਾਦਸੇ ਦੇ ਸ਼ਿਕਾਰ ਹੋਏ ਪਤੀ-ਪਤਨੀ ਦਾ ਸਸਕਾਰ

ਖਾਸ ਖ਼ਬਰਾਂ

ਕੁਹਾੜਾ, ਸਾਹਨੇਵਾਲ, 7 ਜਨਵਰੀ (ਮਹੇਸ਼ਇੰਦਰ ਸਿੰਘ ਮਾਂਗਟ) : ਬੀਤੇ ਦਿਨੀਂ ਹੋਏ ਇਕ ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਦੀ ਮੌਤ ਦੇ ਚਲਦੇ ਉਨ੍ਹਾਂ ਦੇ ਜੱਦੀ ਪਿੰਡ ਚੌਂਤਾ 'ਚ ਅੱਜ ਉਨ੍ਹਾਂ ਦੇ ਸਸਕਾਰ ਸਮੇਂ ਹਰ ਇਕ ਅੱਖ ਨਮ ਸੀ। ਇਸ ਦਰਦਨਾਕ ਹਾਦਸੇ ਦੇ ਬਾਅਦ ਜਿਥੇ ਦੋਵੇਂ ਮ੍ਰਿਤਕ ਪਤੀ-ਪਤਨੀ ਦੇ ਸਿਵੇ ਇਕੱਠੇ ਜਲੇ, ਉਥੇ ਹੀ ਛੋਟੇ ਭਰਾ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਮ੍ਰਿਤਕਾਂ ਦੀ ਮਾਸੂਮ ਧੀ ਲਵਲੀਨ ਕੌਰ ਨੇ ਦੋਵਾਂ ਦੀ ਦੇਹ ਨੂੰ ਅਗਨ ਭੇਂਟ ਕੀਤਾ। ਦੋਵਾਂ ਦੇ ਅੰਤਮ ਸਸਕਾਰ ਮੌਕੇ ਜਿਥੇ ਪੂਰੇ ਇਲਾਕੇ ਦੇ ਹਰ ਇਕ ਪਿੰਡ 'ਚੋਂ ਲੋਕ ਦੁੱਖ ਵੰਡਾਉਣ ਲਈ ਪਹੁੰਚੇ ਹੋਏ ਸਨ। ਉਥੇ ਹੀ ਦੋਵਾਂ ਦੇ ਜਲਦੇ ਸਿਵਿਆਂ ਨੂੰ ਵੇਖ ਕੇ ਸਮਸ਼ਾਨਘਾਟ 'ਚ ਹਾਜ਼ਰ ਹਰ ਇਕ ਵਿਅਕਤੀ ਦੀ ਅੱਖ 'ਚ ਹੰਝੂ ਸਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਸਵੇਰ ਦੋਵੇਂ ਪਤੀ-ਪਤਨੀ ਦੀ ਉਸ ਸਮੇਂ ਦਰਦਨਾਕ ਮੌਤ ਹੋ ਗਈ ਸੀ। 

ਜਦੋਂ ਉਹ ਆਪਣੇ ਦਸਵੀਂ ਜਮਾਤ 'ਚ ਪੜ੍ਹਦੇ ਬੇਟੇ ਦੇ ਨਾਲ ਉਸਦੇ ਸਕੂਲ ਜਾ ਰਹੇ ਸੀ। ਰਸਤੇ 'ਚ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦਰਖੱਤ ਨਾਲ ਜਾ ਟਕਰਾਈ। ਜਿਸ 'ਚ ਦੋਵੇਂ ਪਤੀ-ਪਤਨੀ ਦੀ ਮੌਤ ਹੋ ਗਈ। ਜਦਕਿ ਜ਼ਖਮੀ ਲੜਕੇ ਹਰਮਨਜੋਤ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪਿੰਡ ਚੌਂਤਾ ਦੇ ਇਸ ਪਰਿਵਾਰ 'ਤੇ ਕੁਦਰਤ ਦੀ ਮਾਰ ਇੰਝ ਕਹਿਰ ਬਣਕੇ ਵਾਪਰੀ ਕਿ ਪਰਵਾਰ ਦੇ ਪੰਜ ਮੈਂਬਰਾਂ 'ਚੋਂ ਦੋ ਇਕੱਠੇ ਹੀ ਇਸ ਫਾਨੀ ਸੰਸਾਰ ਤੋਂ ਤੁਰ ਗਏ। ਜਿਨ੍ਹਾਂ ਦੇ ਦੋਵੇਂ ਬੱਚੇ ਇਕ ਲੜਕੀ ਲਵਲੀਨ ਕੌਰ ਅਤੇ ਲੜਕਾ ਹਰਮਨਜੋਤ ਸਿੰਘ ਆਪਣੀ ਬਜ਼ੁਰਗ ਦਾਦੀ ਦਿਲਬਾਗ ਕੌਰ ਦੇ ਆਸਰੇ ਹੀ ਜ਼ਿੰਦਗੀ ਦਾ ਸਫ਼ਰ ਬਿਤਾਉਣ ਲਈ ਰਹਿ ਗਏ ਹਨ। ਇਸ ਤ੍ਰਾਸਦੀ ਦੇ ਵਿਚਕਾਰ ਇਕ ਹੋਰ ਤ੍ਰਾਸਦੀ ਇਹ ਵੀ ਹੈ ਕਿ ਮ੍ਰਿਤਕ ਸੁਖਜੀਤ ਸਿੰਘ ਅਪਣੀਆਂ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ, ਜਿਸ ਕਾਰਨ ਪੂਰੇ ਪਰਵਾਰ ਦੀ ਜੀਵਿਕਾ ਉਸਦੇ ਰਾਹੀਂ ਹੀ ਚੱਲਦੀ ਸੀ।