ਨਵੀਂ ਦਿੱਲੀ- ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੌਕਰੀ ਪੇਸ਼ਾ ਲੋਕਾਂ ਨੂੰ ਟੈਕਸ 'ਚ ਛੋਟ ਦਾ ਤੋਹਫਾ ਦੇ ਸਕਦੀ ਹੈ। 1 ਫਰਵਰੀ 2018 ਨੂੰ ਪੇਸ਼ ਹੋਣ ਵਾਲੇ ਆਮ ਬਜਟ 'ਚ ਟੈਕਸ ਦਾਤਾਵਾਂ ਲਈ ਇਨਕਮ ਟੈਕਸ ਛੋਟ ਦੀ ਲਿਮਟ 3 ਲੱਖ ਰੁਪਏ ਤੱਕ ਵਧ ਸਕਦੀ ਹੈ। ਵਿੱਤ ਮੰਤਰਾਲੇ ਦੇ ਸੂਤਰਾਂ ਮੁਤਾਬਕ ਟੈਕਸ ਛੋਟ 'ਚ 50,000 ਰੁਪਏ ਦਾ ਵਾਧਾ ਕਰਨ 'ਤੇ ਸਹਿਮਤੀ ਹੈ।
60 ਸਾਲ ਦੀ ਉਮਰ ਤੋਂ ਜ਼ਿਆਦਾ ਅਤੇ 80 ਸਾਲ ਤੋਂ ਘੱਟ ਦੇ ਸੀਨੀਅਰ ਸਿਟੀਜ਼ਨ ਲਈ ਟੈਕਸ ਛੋਟ ਲਿਮਟ ਵਧਾ ਕੇ 3.50 ਲੱਖ ਰੁਪਏ ਕੀਤੀ ਜਾ ਸਕਦੀ ਹੈ। ਉੱਥੇ ਹੀ 80 ਸਾਲ ਅਤੇ ਉਸ ਤੋਂ ਵਧ ਉਮਰ ਦੇ ਸੁਪਰ ਸੀਨੀਅਰ ਸਿਟੀਜ਼ਨ ਲਈ ਛੋਟ 5.50 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਹੋ ਸਕਦੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਇਹ ਆਖਰੀ ਪੂਰਣ ਬਜਟ ਹੋਵੇਗਾ।
ਇਨਕਮ ਟੈਕਸ ਛੋਟ ਲਿਮਟ ਵਧਾਉਣ ਨੂੰ ਲੈ ਕੇ ਤਿੰਨ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਤਿੰਨ ਪ੍ਰਸਤਾਵ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਅਰਥ-ਸ਼ਾਸਤਰੀਆਂ ਅਤੇ ਟੈਕਸ ਮਾਹਰਾਂ ਨਾਲ ਗੱਲਬਾਤ ਕਰਕੇ ਬਣਾਏ ਹਨ।
ਇਸ 'ਤੇ ਅੰਤਿਮ ਫੈਸਲਾ ਪੀ. ਐੱਮ. ਓ. ਨਾਲ ਬੈਠਕ ਦੇ ਬਾਅਦ ਕੀਤਾ ਜਾਵੇਗਾ। ਮੌਜੂਦਾ ਸਮੇਂ 2.50 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਟੈਕਸ ਛੋਟ ਮਿਲਦੀ ਹੈ। ਸੀਨੀਅਰ ਸਿਟੀਜ਼ਨ ਲਈ 3 ਲੱਖ ਰੁਪਏ ਅਤੇ ਸੁਪਰ ਸੀਨੀਅਰ ਸਿਟੀਜ਼ਨ ਲਈ ਆਮਦਨ ਟੈਕਸ ਛੋਟ 5 ਲੱਖ ਰੁਪਏ ਹੈ। ਇਸ ਦਾ ਮਤਲਬ ਹੈ ਕਿ ਇੰਨੀ ਆਮਦਨ ਹੋਣ 'ਤੇ ਕੋਈ ਟੈਕਸ ਨਹੀਂ ਬਣਦਾ।
ਵਿੱਤ ਮੰਤਰਾਲੇ ਦੇ ਸੂਤਰਾਂ ਮੁਤਾਬਕ, ਪਹਿਲੇ ਪ੍ਰਸਤਾਵ 'ਚ ਟੈਕਸ ਦਾਤਾਵਾਂ ਲਈ ਛੋਟ ਦੀ ਹੱਦ 2.75 ਲੱਖ ਰੁਪਏ ਤੋਂ 3 ਲੱਖ ਰੁਪਏ ਕਰਨ, ਸੀਨੀਅਰ ਸਿਟੀਜ਼ਨ ਲਈ 3.30 ਲੱਖ ਤੋਂ 3.50 ਲੱਖ ਅਤੇ ਸੁਪਰ ਸੀਨੀਅਰ ਸਿਟੀਜ਼ਨ ਲਈ 5.50 ਲੱਖ ਰੁਪਏ ਕਰਨ ਦਾ ਪ੍ਰਸਤਾਵ ਹੈ। ਦੂਜੇ ਪ੍ਰਸਤਾਵ 'ਚ ਇਨਕਮ ਟੈਕਸ ਛੋਟ ਦੀ ਹੱਦ ਵਧਾ ਕੇ 3 ਲੱਖ ਰੁਪਏ ਕਰਨ ਦੀ ਗੱਲ ਹੈ।
ਇਸ 'ਚ ਸੀਨੀਅਰ ਸਿਟੀਜ਼ਨ ਦੀ ਇਨਕਮ ਟੈਕਸ ਛੋਟ ਨੂੰ 4 ਲੱਖ ਰੁਪਏ ਅਤੇ ਸੁਪਰ ਸੀਨੀਅਰ ਸਿਟੀਜ਼ਨ ਲਈ 6 ਲੱਖ ਰੁਪਏ ਕਰਨ ਦਾ ਪ੍ਰਸਤਾਵ ਹੈ। ਤੀਜੇ ਪ੍ਰਸਤਾਵ 'ਚ ਟੈਕਸ ਦਾਤਾਵਾਂ ਲਈ ਇਨਕਮ ਟੈਕਸ ਛੋਟ ਹੱਦ 2.80 ਲੱਖ ਰੁਪਏ ਕਰਨ ਦੀ ਗੱਲ ਹੈ, ਜਦੋਂ ਕਿ ਸੀਨੀਅਰ ਸਿਟੀਜ਼ਨ ਅਤੇ ਸੁਪਰ ਸੀਨੀਅਰ ਸਿਟੀਜ਼ਨ ਲਈ ਛੋਟ ਦੀ ਲਿਮਟ 'ਚ 30,000 ਰੁਪਏ ਦਾ ਵਾਧਾ ਕਰਨ ਦੀ ਗੱਲ ਕਹੀ ਗਈ ਹੈ।