ਸਰਕਾਰੀ ਸਨਮਾਨਾਂ ਨਾਲ ਦਿਤੀ ਸ਼ਸ਼ੀ ਕਪੂਰ ਨੂੰ ਵਿਦਾਇਗੀ

ਮੁੰਬਈ, 5 ਦਸੰਬਰ: ਲੰਮੀ ਬੀਮਾਰੀ ਤੋਂ ਬਾਅਦ ਬੀਤੇ ਕਲ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਬਾਲੀਵੁਡ ਅਦਾਕਾਰ ਸ਼ਸ਼ੀ ਕਪੂਰ ਦਾ ਅੱਜ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿਤਾ ਗਿਆ। ਲਗਭਗ ਚਾਰ ਦਹਾਕੇ ਤਕ ਭਾਰਤੀ ਸਿਨੇਮਾ ਦਾ ਹਿੱਸਾ ਰਹੇ 79 ਸਾਲਾ ਸ਼ਸ਼ੀ ਕਪੂਰ ਦਾ ਕਲ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਅੱਜ ਲਗਭਗ 11:45 ਵਜੇ ਸ਼ਸ਼ੀ ਕਪੂਰ ਦੀ ਮ੍ਰਿਤਕ ਦੇਹ ਨੂੰ ਜੁਹੂ ਸਥਿਤ ਉਨ੍ਹਾਂ ਦੇ ਘਰ ਤੋਂ ਐਂਬੂਲੈਂਸ ਰਾਹੀਂ ਸ਼ਮਸ਼ਾਨਘਾਟ ਲਿਜਾਇਆ ਗਿਆ। ਲਗਭਗ ਦਰਜਨ ਪੁਲਿਸ ਮੁਲਾਜ਼ਮਾਂ ਨੇ ਸ਼ਸ਼ੀ ਕਪੂਰ ਦੀ ਮ੍ਰਿਤਕ ਦੇਹ ਨੂੰ ਤਿੰਰਗੇ ਵਿਚ ਲਪੇਟਿਆ ਜਿਸ ਨੂੰ ਬਾਅਦ ਵਿਚ ਅੰਤਮ ਰਸਮਾਂ ਲਈ ਉਤਾਰ ਲਿਆ ਗਿਆ। ਇਸ ਮੌਕੇ ਸ਼ਸ਼ੀ ਕਪੂਰ ਦੇ ਸਨਮਾਨ ਵਿਚ ਤਿੰਨ ਫ਼ਾਇਰ ਕੀਤੀ ਗਏ। ਸ਼ਸ਼ੀ ਕਪੂਰ ਦੀ ਮ੍ਰਿਤਕ ਦੇਹ ਦਾ ਬਿਜਲਈ ਸਸਕਾਰ ਕੀਤਾ ਗਿਆ। ਸ਼ਸ਼ੀ ਕਪੂਰ ਦੇ ਹਜ਼ਾਰਾਂ ਸਮਰਥਕ ਛਤਰੀਆਂ ਲੈ ਕੇ ਸ਼ਮਸ਼ਾਨਘਾਟ ਦੇ ਬਾਹਰ ਮੌਜੂਦ ਸਨ ਕਿਉਂਕਿ ਸਾਈਕਲੋਨ ਖ਼ਤਰੇ ਨੂੰ ਲੈ ਕੇ ਮੁੰਬਈ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਸੀ। ਸ਼ਸ਼ੀ ਕਪੂਰ ਨੂੰ ਅੰਤਮ ਵਿਦਾਇਗੀ ਦੇਣ ਵਾਲਿਆਂ ਵਿਚ ਅਮਿਤਾਭ ਅਤੇ ਅਭਿਸ਼ੇਕ ਬੱਚਨ, ਸ਼ਿਆਮ ਬੈਨੇਗਲ, ਸ਼ਾਹਰੁਖ ਖ਼ਾਨ, ਸੈਫ਼ ਅਲੀ ਖ਼ਾਨ, ਹੰਸਲ ਮਹਿਤਾ, ਨੰਦਿਤਾ ਦਾਸ, ਲਾਰਾ ਦੱਤਾ ਤੇ ਉਸ ਦੇ ਪਤੀ ਮਹੇਸ਼ ਭੁਪਤੀ, ਸਿਆਸੀ ਆਗੂ ਰਾਮਦਾਸ ਅਥਾਵਲੇ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ। 

 ਇਸ ਮੌਕੇ ਸ਼ਸ਼ੀ ਕਪੂਰ ਨੂੰ 'ਮੇਰੇ ਪਾਸ ਮਾਂ ਹੈ' ਇਤਿਹਾਸਕ ਸ਼ਬਦ ਦੇਣ ਵਾਲੇ ਲੇਖਕ ਸਲੀਮ ਖ਼ਾਨ ਦੇ ਨਾਲ ਜਾਵੇਦ ਅਖ਼ਤਰ ਵੀ ਮੌਜੂਦ ਸਨ। ਅੱਜ ਸਵੇਰੇ ਸ਼ਸ਼ੀ ਕਪੂਰ ਦੇ ਘਰ ਜਾ ਕੇ ਅਫ਼ਸੋਸ ਕਰਨ ਵਾਲਿਆਂ ਵਿਚ ਸੰਜੇ ਦੱਤ, ਨਸੀਰੂਦੀਨ ਸ਼ਾਹ, ਅਨਿਲ ਕਪੂਰ ਅਤੇ ਆਮਿਰ ਖ਼ਾਨ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ਼ਸ਼ੀ ਕਪੂਰ ਨੇ ਬਾਲੀਵੁਡ ਨੂੰ ਕਈ ਯਾਦਗਾਰ ਫ਼ਿਲਮਾਂ ਦਿਤੀਆਂ ਹਨ। ਸ਼ਸ਼ੀ ਕਪੂਰ ਨੇ ਅਮਿਤਾਭ ਬੱਚਨ ਨਾਲ ਲਗਭਗ 14 ਫ਼ਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚ ਦੀਵਾਰ, ਕਾਲਾ ਪੱਥਰ, ਤ੍ਰਿਸ਼ੂਲ, ਸੁਹਾਗ, ਸ਼ਾਨ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਅਮਿਤਾਭ ਬੱਚਨ ਨੇ ਸ਼ਸ਼ੀ ਕਪੂਰ ਵਲੋਂ ਬਣਾਈ ਗਈ ਪਹਿਲੀ ਤੇ ਆਖ਼ਰੀ ਫ਼ਿਲਮ 'ਅਜੂਬਾ' ਵਿਚ ਵੀ ਕੰਮ ਕੀਤਾ ਹੈ। ਇਹ ਫ਼ਿਲਮ ਸਾਲ 1991 ਵਿਚ ਆਈ ਸੀ। ਸ਼ਸ਼ੀ ਕਪੂਰ, ਪ੍ਰਿਥਵੀਰਾਜ ਕਪੂਰ ਦੇ ਸੱਭ ਤੋਂ ਛੋਟੇ ਪੁੱਤਰ ਸਨ। ਪ੍ਰਿਥਵੀਰਾਜ ਦੇ ਤਿੰਨ ਪੁੱਤਰ ਰਾਜ ਕਪੂਰ, ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਸਨ। ਸ਼ਸ਼ੀ ਕਪੂਰ ਦੇ ਤਿੰਨ ਬੱਚੇ ਹਨ, ਕੁਨਾਲ ਕਪੂਰ, ਕਰਨ ਕਪੂਰ ਅਤੇ ਸੰਜਨਾ ਕਪੂਰ। ਸ਼ਸ਼ੀ ਕਪੂਰ ਨੇ ਅਪਣੀ ਫ਼ਿਲਮੀ ਸਫ਼ਰ ਫ਼ਿਲਮ 'ਆਗ' ਤੋਂ ਸ਼ੁਰੂ ਕੀਤਾ ਸੀ।  (ਪੀ.ਟੀ.ਆਈ.)