ਸਰਾਵਾਂ ਬੋਦਲਾ 'ਚ ਪਿਆ ਵਿੱਕੀ ਗੌਂਡਰ ਨਮਿਤ ਪਾਠ ਦਾ ਭੋਗ

ਖਾਸ ਖ਼ਬਰਾਂ

ਸ੍ਰੀ ਮੁਕਤਸਰ ਸਾਹਿਬ : ਪਿਛਲੇ ਦਿਨੀਂ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਨਮਿਤ ਪਿੰਡ ਸਰਾਵਾਂ ਬੋਦਲਾ ਵਿਖੇ ਪਾਠ ਦਾ ਭੋਗ ਪਾਇਆ ਅਤੇ ਅਨਾਜ ਮੰਡੀ ਵਿਚ ਅੰਤਿਮ ਅਰਦਾਸ ਹੋਈ।

ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ, ਇਸ ਦੀ ਸੀ.ਬੀ.ਆਈ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ।

ਇਸ ਸਮਾਗਮ ਦੌਰਾਨ ਜਿੱਥੇ ਸਮਾਗਮ ਦੇ ਨੇੜੇ ਤੇੜੇ ਪੁਲਿਸ ਤਾਇਨਾਤ ਸੀ, ਉਥੇ ਹੀ ਮਿਲੀ ਜਾਣਕਾਰੀ ਅਨੁਸਾਰ ਇਸ ਸਮਾਗਮ ਦੌਰਾਨ ਸਿਵਲ ਵਰਦੀ ਵਿਚ ਪੁਲਿਸ ਵਾਲਿਆਂ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। 

ਦੱਸ ਦੇਈਏ ਕਿ ਵਿੱਕੀ ਗੌਂਡਰ ਦੇ ਅੰਤਮ ਸਸਕਾਰ ਵਾਲੇ ਦਿਨ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਇੱਥੋਂ ਤੱਕ ਕਿ ਪਿੰਡ ਵਿਚ ਆਉਣ ਜਾਣ ਵਾਲਿਆਂ ਨੂੰ ਵੀ ਪੁੱਛਗਿੱਛ ਤੋਂ ਬਾਅਦ ਹੀ ਅੰਦਰ ਆਉਣ ਦਿੱਤਾ ਜਾ ਰਿਹਾ ਸੀ।