ਬਲਾਤਕਾਰੀ ਸੌਦਾ ਸਾਧ ਨੂੰ ਸਜ਼ਾ ਤੋਂ ਬਾਅਦ ਭੜਕੀ ਹਿੰਸਾ ਤੋਂ ਭਾਵੇਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਾ ਹੋਣ ਦੇ ਦਾਅਵੇ ਕੀਤੇ ਗਏ ਹਨ ਪਰ ਇੱਕ ਗੱਲਬਾਤ ਦੀ ਆਡੀਓ ਨੇ ਬੜੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇਸ ਆਡੀਓ ਰਾਹੀਂ ਖੁਲਾਸਾ ਹੋਇਆ ਹੈ ਕਿ 25 ਤਰੀਕ ਨੂੰ ਦੋਸ਼ ਸਾਬਿਤ ਹੋਣ ਤੋਂ ਪਹਿਲਾਂ ਕੈਪਟਨ ਦੇ ਤਿੰਨ ਰਾਜਨੀਤਿਕ ਸਕੱਤਰਾਂ ਵਿੱਚੋਂ ਇੱਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨਾਲ ਲਗਾਤਾਰ ਸੰਪਰਕ ਵਿੱਚ ਸੀ ਜਿਸਨੇ ਲੋੜ ਪੈਣ `ਤੇ `ਸਰਕਾਰੀ ਸਹਾਇਤਾ` ਦੇਣ ਦਾ ਵਾਅਦਾ ਵੀ ਕੀਤਾ ਸੀ।
ਇਸ ਆਡੀਓ ਕਲਿੱਪ ਵਿੱਚ ਡੇਰੇ ਦੀ ਸਿਆਸੀ ਕਮੇਟੀ ਦਾ ਇੱਕ ਮੈਂਬਰ ਰਾਮ ਕਰਨ ਇੱਕ ਡੇਰਾ ਪ੍ਰੇਮੀ ਨਾਲ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਪੰਚਕੂਲਾ ਦੀ ਸਾੜਫੂਕ ਤੋਂ ਬਾਅਦ ਬੱਸਾਂ ਮੁਹਈਆ ਕਰਵਾਉਣ ਬਾਰੇ ਉਹਨਾਂ ਦੀ ਕੈਪਟਨ ਸਰਕਾਰ ਵਿੱਚ ਗੱਲ ਹੋ ਚੁੱਕੀ ਹੈ ਅਤੇ ਸਰਕਾਰ ਨੇ ਸਾਧਨ ਮੁਹਈਆ ਕਰਵਾ ਦਿੱਤੇ ਹਨ। ਆਡੀਓ ਕਲਿੱਪ ਵਿੱਚ ਇਹੀ ਰਾਮ ਕਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦ ਕਰਨ ਦੀ ਗੱਲ ਕਹਿੰਦਾ ਵੀ ਸੁਣਾਈ ਦਿੰਦਾ ਹੈ।
ਐਸ.ਐਸ.ਪੀ. ਸਂਗਰੂਰ ਮਨਦੀਪ ਸਿੱਧੂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਹੁਣ ਤੱਕ ਜਾਂਚ ਦੌਰਾਨ ਰਾਮ ਕਰਨ ਦਾ ਨਾਂਅ ਸਾਹਮਣੇ ਨਹੀਂ ਆਇਆ। ਉੱਧਰ ਇੱਕ ਡੇਰਾ ਪ੍ਰੇਮੀ ਨੇ ਨਾਂਅ ਨਾ ਛਾਪਣ ਦੀ ਸ਼ਰਤ `ਤੇ ਦੱਸਿਆ ਹੈ ਕਿ ਪੁਲਿਸ ਵੱਲੋਂ ਕੈਮਰੇ ਸਾਹਮਣੇ ਆਏ ਹਨੀਪ੍ਰੀਤ `ਤੇ ਆਦਿੱਤਿਆ ਇੰਸਾ ਦੇ ਹੀ ਲੁੱਕਆਊਟ ਨੋਟਿਸ ਜਾਰੀ ਕੀਤੇ ਹਨ। ਪੁਲਿਸ ਨੂੰ ਚਾਹੀਦਾ ਹੈ ਕਿ ਰਾਮ ਕਰਨ ਅਤੇ ਡੇਰੇ ਦੀ ਸਿਆਸੀ ਕਮੇਟੀ ਦੇ ਮੈਂਬਰਾਂ ਦੀ ਮੋਬਾਈਲ ਫੋਨ ਲੋਕੇਸ਼ਨ ਚੈੱਕ ਕਰਵਾ ਕੇ ਪੁੱਛਗਿੱਛ ਕਰਨੀ ਚਾਹੀਦੀ ਹੈ ਕਿਉਂ ਕਿ ਇਹ ਸਾਰੇ ਵੀ ਪੰਚਕੂਲਾ ਹਿੰਸਾ ਵੇਲੇ ਮੌਕੇ 'ਤੇ ਹਾਜ਼ਿਰ ਸਨ।