ਚੰਡੀਗੜ੍ਹ, 24 ਅਕਤੂਬਰ (ਨੀਲ ਭਲਿੰਦਰ ਸਿਂੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕਲ (25 ਅਕਤੂਬਰ) ਨੂੰ ਸੌਦਾ ਸਾਧ ਰਾਮ ਰਹੀਮ ਵਿਰੁਧ ਇਕ ਹੋਰ ਸੰਗੀਨ ਮਾਮਲੇ ਉਤੇ ਅਹਿਮ ਸੁਣਵਾਈ ਹੋਣ ਜਾ ਰਹੀ ਹੈ।
ਸੌਦਾ ਸਾਧ ਵਲੋਂ ਮਰਦ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਏ ਜਾਣ ਦੇ ਦੋਸ਼ਾਂ ਵਾਲੇ ਇਸ ਮਾਮਲੇ 'ਤੇ ਹਾਈ ਕੋਰਟ 'ਚ ਅੱਜ ਸੀਬੀਆਈ ਅਪਣੀ ਮੁਕੰਮਲ ਜਾਂਚ ਰੀਪੋਰਟ ਪੇਸ਼ ਕਰ ਸਕਦੀ ਹੈ।ਦਸਣਯੋਗ ਹੈ ਕਿ ਡੇਰਾ ਮੁਖੀ ਅਤੇ ਹੋਰਨਾਂ ਵਿਰੁਧ ਡੇਰੇ ਅੰਦਰ ਸਾਲ 2000 ਦੌਰਾਨ 400 ਦੇ ਕਰੀਬ ਮਰਦ ਸ਼ਰਧਾਲੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਏਜੰਸੀ ਨੂੰ ਜਾਂਚ ਸੌਪੇ ਜਾਣ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਕ ਸਾਜ਼ਸ਼ ਰਚਨਾ), 417 (ਧੋਖਾਧੜੀ), 326 (ਕਿਸੇ ਨੂੰ ਸਰੀਰਕ ਤੌਰ ਉੱਤੇ ਗੰਭੀਰ ਸੱਟ ਮਾਰਨਾ) ਅਤੇ 506 (ਅਪਰਾਧਕ ਮਨਸ਼ਾ ਨਾਲ ਕਿਸੇ ਨੂੰ ਡਰਾਉਣਾ-ਧਮਕਾਉਣਾ) ਤਹਿਤ ਰੈਗੂਲਰ ਕੇਸ ਦਰਜ ਕੀਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਹੰਸ ਰਾਜ ਚੌਹਾਨ (34) ਵਲੋਂ ਡੇਰਾ ਮੁਖੀ 'ਤੇ ਇਸੇ ਪਿੰਡ ਵਿਚਲੇ 'ਸ਼ਾਹ ਸਤਨਾਮ ਜਨਰਲ ਹਸਪਤਾਲ' ਵਿਚ ਸਾਲ 2000 'ਚ ਉਸ ਦਾ ਨਿਪੁੰਸਕਤਾ ਦਾ ਅਪਰੇਸ਼ਨ ਕੀਤਾ ਗਿਆ ਹੋਣ ਦਾ ਦਾਅਵਾ ਕੀਤਾ ਹੈ।