ਚੰਡੀਗੜ੍ਹ, 14 ਦਸੰਬਰ (ਨੀਲ ਭਲਿੰਦਰ ਸਿੰਘ): ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ 20 ਸਾਲੀ ਸਜ਼ਾ ਯਾਫ਼ਤਾ ਸੌਦਾ ਸਾਧ ਰਾਮ ਰਹੀਮ 'ਤੇ ਇਕ ਹੋਰ ਕੇਸ 'ਚ ਕਾਨੂੰਨੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ।
ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਉਸ ਵਿਰੁਧ ਚੱਲ ਰਹੇ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹਤਿਆ ਦੇ ਕੇਸ ਵਿਚ ਅੱਜ ਸੁਣਵਾਈ ਹੋਈ। ਸੁਣਵਾਈ ਦੌਰਾਨ ਰਾਮ ਰਹੀਮ ਵੀਡੀਉ ਕਾਨਫ਼ਰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਇਆ ਜਦਕਿ ਬਾਕੀ ਦੇ ਦੋਸ਼ੀ ਨਿਜੀ ਹੈਸੀਅਤ 'ਚ ਕੋਰਟ ਵਿਚ ਪੇਸ਼ ਹੋਏ। ਬਚਾਅ ਪੱਖ ਦੇ ਵਕੀਲ ਐਸ ਕੇ ਗਰਗ ਨਰਵਾਨਾ ਨੇ ਦਸਿਆ ਕਿ ਅੱਜ
ਮਾਮਲੇ ਵਿਚ ਬਚਾਅ ਪੱਖ ਵਲੋਂ ਬਹਿਸ ਹੋਈ ਅਤੇ ਮਾਮਲੇ ਵਿਚ ਫ਼ਾਇਨਲ ਬਹਿਸ ਜਾਰੀ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਦਸੰਬਰ ਨੂੰ ਹੋਵੇਗੀ। ਦਸਣਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦੀ ਹਤਿਆ ਹੋਈ ਸੀ। ਡੇਰੇ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀ ਯੋਨ ਸ਼ੋਸ਼ਣ ਦੀ ਗੁਮਨਾਮ ਚਿੱਠੀ ਅਪਣੀ ਭੈਣ ਤੋਂ ਹੀ ਲਿਖਵਾਈ ਸੀ। ਪੁਲਿਸ ਜਾਂਚ ਵਲੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ਵਿਚ ਹਾਈ ਕੋਰਟ ਵਿਚ ਮੰਗ ਦਰਜ ਕਰ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਮਾਮਲਾ ਅੰਤਮ ਬਹਿਸ ਉੱਤੇ ਚੱਲ ਰਿਹਾ ਹੈ, ਇਸ ਲਈ ਛੇਤੀ ਫ਼ੈਸਲੇ ਦੇ ਕਿਆਸ ਲਾਏ ਜਾ ਰਹੇ ਹਨ।