ਸਾਵਧਾਨ! ਹੁਣ ਨਵੇਂ ਨੋਟਾਂ ਦੇ ਨਕਲੀ ਨੋਟ ਵੀ ਆ ਗਏ ਬਾਜ਼ਾਰ 'ਚ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ 8 ਨਵੰਬਰ 2016 'ਚ ਸਰਮਾਏਦਾਰਾਂ ਕੋਲ ਜਮਾਂ ਕਾਲਾ ਧਨ ਬਾਹਰ ਕੱਢਵਾਉਣ ਲਈ ਨੋਟਬੰਦੀ ਕਰ ਦਿੱਤੀ ਗਈ ਸੀ। ਜਿਸ ਨਾਲ ਬਲੈਕ ਮਨੀ ਕਿਧਰੋਂ ਨਿਕਲਣ ਬਾਰੇ ਤਾਂ ਨਹੀਂ ਸੁਣਿਆ ਸੀ ਪਰ ਦੇਸ਼ ਦੀ ਗਰੀਬ ਜਨਤਾ 'ਤੇ ਇਕ ਤਰ੍ਹਾਂ ਨਾਲ ਸੁਨਾਮੀ ਲਹਿਰ ਤਾਂ ਜ਼ਰੂਰ ਆ ਗਈ ਸੀ।

 ਤਕਰੀਬਨ ਕਈ ਮਹੀਨਿਆਂ ਦੀ ਜੱਦੋ-ਜਹਿਦ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ 2000, 500, 200 ਅਤੇ 50 ਰੁਪਏ ਦੇ ਨਵੇਂ ਡਾਲਰਾਂ ਵਰਗੇ ਨੋਟ ਤਿਆਰ ਕੀਤੇ ਗਏ ਤਾਂ ਜੋ ਨਕਲੀ ਨੋਟਾਂ ਤੋਂ ਆਮ ਜਨਤਾ ਦਾ ਬਚਾਅ ਹੋ ਸਕੇ ਪਰ ਤੁਹਾਨੂੰ ਇੱਥੇ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਬਾਜ਼ਾਰ 'ਚ ਕਈ ਦੁਕਾਨਾਂ 'ਤੇ ਨਵੇਂ ਨੋਟਾਂ ਵਰਗੇ ਨਕਲੀ ਨੋਟ ਵੀ ਆ ਗਏ ਹਨ। 

  ਜੋ ਕਿ ਮਨੋਰੰਜਨ ਬੈਂਕ ਆਫ ਇੰਡੀਆ ਵੱਲੋਂ ਛਾਪੇ ਗਏ ਹਨ। ਜਿਨ੍ਹਾਂ 'ਤੇ 'ਫੁੱਲ ਆਫ ਫਨ' ਅਤੇ 'ਬੱਚੋਂ ਕਾ ਖੇਲ' ਲਿਖਿਆ ਹੋਇਆ ਹੈ। ਜੇਕਰ ਇਨ੍ਹਾਂ ਨੋਟਾਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਹੀ ਇਨ੍ਹਾਂ ਉਪਰ ਲਿਖੇ ਸ਼ਬਦ ਅਤੇ ਬੈਂਕ ਦਾ ਨਾਮ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਨਕਲੀ ਨੋਟ ਹਨ, ਨਹੀਂ ਤਾਂ ਦੂਰੋਂ ਪਏ ਇਹ ਨਕਲੀ ਨੋਟ ਬਿਲਕੁੱਲ ਅਸਲੀ ਨੋਟਾਂ ਦਾ ਭੁਲੇਖਾ ਪਾਉਂਦੇ ਹਨ। 

ਭਾਵੇਂ ਕਿ ਪੜ੍ਹੇ-ਲਿਖੇ ਲੋਕ ਪੈਸੇ ਦਾ ਲੈਣ-ਦੇਣ ਕਰਨ ਵੇਲੇ ਅਸਲੀ-ਨਕਲੀ ਦਾ ਖਿਆਲ ਰੱਖਦੇ ਹਨ ਪਰ ਅਸਲੀ ਨੋਟਾਂ ਦਾ ਭੁਲੇਖਾ ਪਾਉਂਦੇ ਅਜਿਹੇ ਨਕਲੀ ਨੋਟਾਂ ਨਾਲ ਕੋਈ ਅਣਪੜ੍ਹ ਵਿਅਕਤੀ ਜ਼ਰੂਰ ਠੱਗੀ ਦਾ ਸ਼ਿਕਾਰ ਹੋ ਸਕਦਾ ਹੈ। 

ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੀ ਜਨਤਾ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਸਿਆਸੀ ਲੀਡਰਾਂ ਨੂੰ ਅਜਿਹੇ ਨਕਲੀ ਨੋਟ ਬਣਾਉਣ ਵਾਲੀਆਂ ਕੰਪਨੀਆਂ 'ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਨਕਲੀ ਨੋਟਾਂ ਦਾ ਕਾਰੋਬਾਰ ਅਤੇ ਠੱਗੀਆਂ ਦਾ ਬਾਜ਼ਾਰ ਬੰਦ ਹੋ ਸਕੇ। ਜ਼ਿਕਰਯੋਗ ਹੈ ਕਿ ਭਾਰਤ ਦੇਸ਼ 'ਚ ਅਸਲੀ ਚੀਜ਼ ਤਿਆਰ ਹੋ ਕੇ ਮਾਰਕੀਟ 'ਚ ਆਉਣ ਨੂੰ ਸਮਾਂ ਲੱਗ ਜਾਂਦਾ ਹੈ ਪਰ ਨਕਲੀ ਚੀਜ਼ ਪਹਿਲਾਂ ਤਿਆਰ ਹੋ ਕੇ ਆ ਜਾਂਦੀ ਹੈ, ਫਿਰ ਭਾਵੇਂ ਉਹ ਨੋਟ ਹੋਣ ਜਾਂ ਕਾਸਮੈਟਿਕ ਜਾਂ ਗਾਰਮੈਂਟਸ।