ਪੁਲਿਸ ਨੇ ਭਾਵੇਂ ਗੈਂਸਗਟਰਾਂ ਦੀਆਂ ਕਾਰਵਾਈਆਂ ‘ਤੇ ਸਿਕੰਜ਼ਾ ਕੱਸਣ ਦੀ ਗੱਲ ਆਖੀ ਹੈ ਪਰ ਗੈਂਗਸਟਰਾਂ ਦੀਆਂ ਕਾਰਵਾਈਆਂ ਨੂੰ ਹਾਲੇ ਤੱਕ ਨੱਥ ਨਹੀਂ ਪੈ ਸਕੀ ਹੈ। ਖ਼ਾਸ ਤੌਰ ‘ਤੇ ‘ਸ਼ੇਰਾ ਖੁੱਬਣ ਗਰੁੱਪ‘ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ਿਆਦਾ ਸਰਗਰਮ ਹੈ। ਹਾਲਾਤ ਇੱਥੋਂ ਤੱਕ ਪੁੱਜ ਗਏ ਹਨ ਕਿ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ਰ੍ਹੇਆਮ ਪੁਲਿਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਹੁਣ ‘ਸ਼ੇਰਾ ਖੁੱਬਣ’ ਗਰੁੱਪ ਨੇ ਪੁਲਿਸ ਅਤੇ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਬਠਿੰਡਾ ਨੇੜਲੇ ਪਿੰਡ ਗੁਲਾਬਗੜ੍ਹ ‘ਚ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਦੀ ਪਤਨੀ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖੀ ਹੈ। ‘ਸ਼ੇਰਾ ਖੁੱਬਣ’ ਨਾਂ ਦਾ ਇਹ ਗਰੁੱਪ ਪਹਿਲਾਂ ਵੀ ਫੇਸਬੁਕ ਪੇਜ਼ ‘ਤੇ ਐਨਕਾਊਂਟਰ ਤੋਂ ਬਾਅਦ ਬਠਿੰਡਾ ਪੁਲਿਸ ਨੂੰ ਕਾਫ਼ੀ ਖ਼ਰੀਆਂ-ਖੋਟੀਆਂ ਸੁਣਾ ਚੁੱਕਿਆ ਹੈ।
ਪਰ ਹੁਣ ਇਸ ਗਰੁੱਪ ਨੇ ਆਪਣੇ ਪੇਜ਼ ‘ਤੇ ਲਿਖਿਆ ਗਿਆ ਹੈ ਕਿ ਪ੍ਰਭਦੀਪ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਇਨਸਾਫ਼ ਲਈ ਭਟਕ ਰਹੀ ਹੈ ਪਰ ਪੰਜਾਬ ਵਿੱਚ ਜੰਗਲ ਰਾਜ ਹੋਣ ਕਰਕੇ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਪੁਲਿਸ ਤੋਂ ਇਸ ਮਾਮਲੇ ਵਿੱਚ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਲਿਖਿਆ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਬੇਸਹਾਰਾ ਔਰਤ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਪਰ ਸਹੁਰਾ ਪਰਿਵਾਰ ਵਾਲੇ ਹੁਣ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਰਹੇ ਹਨ, ਅਜਿਹੇ ਵਿੱਚ ਉਹ ਇਨਸਾਫ਼ ਦੇ ਲਈ ਕਿਸ ਦੇ ਕੋਲ ਗੁਹਾਰ ਲਗਾਏ।