ਨਵੀਂ ਦਿੱਲੀ, 15 ਜਨਵਰੀ : ਕਾਂਗਰਸ ਨੇਤਾ ਸੱਜਣ ਕੁਮਾਰ ਅਤੇ ਹੋਰਾਂ ਨਾਲ ਸਬੰਧਤ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਮੁਦਈ ਧਿਰ ਦੇ ਅਹਿਮ ਗਵਾਹ ਨੇ ਅੱਜ ਇਥੇ ਅਦਾਲਤ ਵਿਚ ਕਿਹਾ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਗਵਾਹ ਸ਼ੀਲਾ ਕੌਰ ਦੇ ਵਕੀਲ ਐਚ ਐਸ ਫੂਲਕਾ ਨੇ ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਨੂੰ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਨੂੰ ਫ਼ੋਨ 'ਤੇ ਧਮਕੀਆਂ ਮਿਲ ਰਹੀਆਂ ਹਨ ਕਿ ਜੇ ਉਸ ਨੇ ਕੁਮਾਰ ਦਾ ਨਾਮ ਲਿਆ ਤਾਂ ਉਸ ਦੇ ਬੱਚਿਆਂ ਦੀ ਹਤਿਆ ਕਰ ਦਿਤੀ ਜਾਵੇਗੀ। ਅਦਾਲਤੀ
ਸੂਤਰਾਂ ਨੇ ਦਸਿਆ ਕਿ ਸ਼ੀਲਾ ਕੌਰ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੇ 1984 ਵਿਚ ਕੌਮੀ ਰਾਜਧਾਨੀ ਦੇ ਸੁਲਤਾਨਪੁਰੀ ਇਲਾਕੇ ਵਿਚ ਕਾਂਗਰਸ ਨੇਤਾ ਨੂੰ ਭੀੜ ਨੂੰ ਹੱਲਾਸ਼ੇਰੀ ਦਿੰਦਿਆਂ ਵੇਖਿਆ ਸੀ। ਗਵਾਹ ਨੇ ਇਹ ਵੀ ਕਿਹਾ ਕਿ ਉਸ ਨੂੰ ਪਹਿਲਾਂ ਦਿਤੀ ਗਈ ਸੁਰੱਖਿਆ ਵਾਪਸ ਲੈ ਲਈ ਗਈ ਹੈ। ਜੱਜ ਨੇ ਇਸ ਮਾਮਲੇ 'ਚ ਸੀਬੀਆਈ ਨੂੰ ਗ਼ੌਰ ਕਰਨ ਲਈ ਕਿਹਾ। ਸੂਤਰਾਂ ਮੁਤਾਬਕ ਮੁਲਜ਼ਮ ਨੇ ਅਦਾਲਤ ਨੂੰ ਕਿਹਾ ਕਿ ਗਵਾਹ ਭਰੋਸੇਮੰਦ ਨਹੀਂ ਹੈ। ਮਾਮਲੇ ਦੀ ਅਗਲੀ ਸੁਣਵਾਈ ਸੱਤ ਫ਼ਰਵਰੀ ਨੂੰ ਹੋਵੇਗੀ। (ਏਜੰਸੀ)