ਸਿੱਖ ਵਿਰੋਧੀ ਜਮਾਤਾਂ ਕਰ ਰਹੀਆਂ ਨੇ ਟਰੂਡੋ ਦੀ ਯਾਤਰਾ 'ਤੇ ਬਵਾਲ?

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਲਗਾਤਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ ਹੋਈ ਹੈ। ਇਸ ਦਾ ਵੱਡਾ ਕਾਰਨ ਉਨ੍ਹਾਂ ਦਾ ਸਿੱਖ ਹਮਾਇਤੀ ਹੋਣਾ ਕਿਹਾ ਜਾ ਰਿਹਾ ਹੈ ਕਿਉਂਕਿ ਸਿੱਖਾਂ ਦੀਆਂ ਦੁਸ਼ਮਣ ਜਮਾਤਾਂ ਨੂੰ ਇਹ ਗੱਲ ਪਚ ਨਹੀਂ ਪਾ ਰਹੀ ਕਿ ਉਹ ਸਿੱਖਾਂ ਅਤੇ ਸਿੱਖਾਂ ਦੇ ਮਸਲਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਹੁਣ ਟਰੂਡੋ ਦੀ ਪਤਨੀ ਦੀ ਇੱਕ ਤਸਵੀਰ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ, ਜਿਸ ਵਿਚ ਉਹ ਵੱਖਵਾਦੀ ਸਿੱਖ ਆਗੂ ਜਸਪਾਲ ਸਿੰਘ ਅਟਵਾਲ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ।



ਦੱਸ ਦੇਈਏ ਕਿ ਜਸਪਾਲ ਅਟਵਾਲ ਕਿਸੇ ਸਮੇਂ ਬੈਨ ਕੀਤੇ ਗਏ ''ਕੌਮਾਂਤਰੀ ਸਿੱਖ ਯੂਥ ਫੈਡਰੇਸ਼ਨ'' ਦੇ ਸਰਗਰਮ ਮੈਂਬਰ ਸਨ। ਉਨ੍ਹਾਂ 'ਤੇ 1986 'ਚ ਵੈਨਕੂਵਰ ਆਈਲੈਂਡ 'ਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦਾ ਕਤਲ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲੱਗਿਆ ਸੀ। ਪਰ ਕੈਨੇਡਾ ਦੀ ਸਰਕਾਰ ਨੇ ਉਨ੍ਹਾਂ ਨੂੰ ਸਾਰੇ ਕੇਸਾਂ ਵਿਚੋਂ ਬਰੀ ਕਰ ਦਿੱਤਾ ਸੀ ਪਰ ਇਸ ਤਸਵੀਰ ਨੂੰ ਟਰੂਡੋ ਦੇ ਉਸ ਬਿਆਨ ਦੇ ਉਲਟ ਦੱਸਿਆ ਜਾ ਰਿਹਾ ਹੈ। 



ਜਿਸ ਵਿਚ ਉਨ੍ਹਾਂ ਨੇ ਖ਼ਾਲਿਸਤਾਨ ਦਾ ਪੱਖ ਨਾ ਪੂਰਨ ਦੀ ਗੱਲ ਕਰਦੇ ਹੋਏ ਭਾਰਤ ਦੀ ਅਖੰਡਤਾ ਵਿਚ ਵਿਸ਼ਵਾਸ ਹੋਣ ਦੀ ਗੱਲ ਆਖੀ ਸੀ। ਇਸ ਸਮੇਂ ਭਾਰਤ ਆਏ ਅਟਵਾਲ ਨੂੰ ਪੀਐੱਮ ਟਰੂਡੋ ਲਈ ਰੱਖੇ ਇੱਕ ਰਸਮੀ 'ਡਿਨਰ' 'ਚ ਵੀ ਆਉਣ ਲਈ ਸੱਦਾ ਦਿੱਤਾ ਗਿਆ ਸੀ। ਪਰ ਭਾਰਤ ਵੱਲੋਂ ਵੱਡਾ ਵਿਵਾਦ ਖੜ੍ਹਾ ਕੀਤੇ ਜਾਣ ਤੋਂ ਬਾਅਦ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਇਸ ਸੱਦੇ ਨੂੰ ਰੱਦ ਕਰ ਦਿੱਤਾ ਗਿਆ। ਇਸ ਵਿਵਾਦ ਤੋਂ ਬਾਅਦ ਜਸਪਾਲ ਅਟਵਾਲ ਨੇ ਆਖਿਆ ਕਿ 1986 'ਚ ਗੋਲੀਬਾਰੀ ਦੇ ਇਕ ਮਾਮਲੇ ਨੂੰ ਲੈ ਕੇ ਉਸ ਦੇ 'ਅਪਰਾਧਿਕ ਦੋਸ਼ ਸਾਬਿਤ ਕਰਨ' ਦੇ ਮਾਮਲੇ ਨੂੰ ਚੁੱਕਣਾ ਗ਼ਲਤ ਹੈ। 



ਅਟਵਾਲ ਨੇ ਦੋਸ਼ ਲਗਾਇਆ ਕਿ ਦੁਸ਼ਮਣਾਂ ਵੱਲੋਂ ਪੋਸਟਮੀਡੀਆ ਵੱਲੋਂ ਹਾਸਲ ਕੀਤੀਆਂ ਗਈਆਂ ਤਸਵੀਰਾਂ ਨੂੰ ਜਾਣਬੁੱਝ ਕੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਹ ਕਿਸੇ ਅਧਿਕਾਰਕ ਸਰਕਾਰੀ ਵਫ਼ਦ ਦਾ ਹਿੱਸਾ ਨਹੀਂ ਹਨ ਸਗੋਂ ਉਹ 11 ਫਰਵਰੀ ਨੂੰ ਖ਼ੁਦ ਭਾਰਤ ਆਇਆ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਕੈਨੇਡਾ ਸਰਕਾਰ ਨੇ ਅਟਵਾਲ ਨੂੰ ਸਾਰੇ ਕੇਸਾਂ ਵਿਚੋਂ ਬਰੀ ਕੀਤਾ ਹੋਇਆ ਹੈ ਤਾਂ ਫਿਰ ਉਨ੍ਹਾਂ ਮੌਜੂਦਗੀ 'ਤੇ ਸਵਾਲ ਉਠਾ ਕੇ ਬਵਾਲ ਖੜ੍ਹਾ ਕਿਉਂ ਕੀਤਾ ਜਾ ਰਿਹਾ ਹੈ?