ਸਿਰਫ 35 ਗੇਂਦਾ 'ਚ ਰੋਹਿਤ ਸ਼ਰਮਾ ਨੇ ਬਣਾਇਆ ਸੈਂਕੜਾ

ਟੈਸਟ ਅਤੇ ਇਕ ਦਿਨਾ ਲੜੀਆਂ ਤੋਂ ਬਾਅਦ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ ਦੂਜੇ ਟੀ-20 ਮੈਚ ‘ਚ ਹਰਾ ਕੇ ਇਸ ਲੜੀ ‘ਤੇ ਕਬਜ਼ਾ ਕਰ ਲਿਆ ਹੈ। ਦੂਜੇ ਮੈਚ ‘ਚ ਭਾਰਤ ਨੇ ਰੋਹਿਤ ਸ਼ਰਮਾ ਦੇ ਸਭ ਤੋਂ ਤੇਜ਼ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੂੰ 88 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਹੁਣ ਭਾਰਤ ਨੇ ਤਿੰਨ ਟੀ-20 ਮੈਚਾਂ ਦੀ ਲੜੀ ‘ਚ 2-0 ਦੀ ਅਜੇ ਬੜ੍ਹਤ ਬਣਾ ਲਈ ਹੈ। 

ਮੈਚ ਦੌਰਾਨ ਸ਼ਾਨਦਾਰ ਸੈਂਕੜਾ ਬਣਾਉਣ ਵਾਲੇ ਰੋਹਿਤ ਸ਼ਰਮਾ ਨੂੰ ‘ਮੈਨ ਆਫ਼ ਦ ਮੈਚ’ ਚੁਣਿਆ ਗਿਆ।
ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਸਾਹਮਣੇ 261 ਦੌੜਾਂ ਦਾ ਵੱਡਾ ਟੀਚਾ ਰੱਖਿਆ। ਰੋਹਿਤ ਸ਼ਰਮਾ ਨੇ ਕੇ.ਐਲ. ਰਾਹੁਲ ਨਾਲ ਮਿਲ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਨਾਂਅ ਇਕ ਹੋਰ ਉਪਲੱਬਧੀ ਦਰਜ ਕਰ ਲਈ ਹੈ। 

ਰੋਹਿਤ ਸ਼ਰਮਾ ਨੇ 35 ਗੇਂਦਾਂ ‘ਤੇ ਆਪਣਾ ਦੂਜਾ ਅੰਤਰਰਾਸ਼ਟਰੀ ਸੈਂਕੜਾ ਪੂਰਾ ਕੀਤਾ। ਉਹ 43 ਗੇਂਦਾਂ ‘ਤੇ 118 ਦੌੜਾਂ ਬਣਾ ਕੇ ਚਮੀਰਾ ਦੀ ਗੇਂਦ ‘ਤੇ ਆਊਟ ਹੋਏ।ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਿਰਫ਼ 35 ਗੇਂਦਾਂ ‘ਤੇ ਸੈਂਕੜਾ ਬਣਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। 

ਮਿਲਰ ਨੇ ਇਸੇ ਸਾਲ 29 ਅਕਤੂਬਰ ਨੂੰ ਬੰਗਲਾਦੇਸ਼ ਖ਼ਿਲਾਫ਼ 35 ਗੇਂਦਾਂ ‘ਤੇ ਸੈਂਕੜਾ ਬਣਾਇਆ ਸੀ। ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਉਨ੍ਹਾਂ ਨੇ ਸ੍ਰੀਲੰਕਾ ਖ਼ਿਲਾਫ਼ ਆਪਣੀ ਪਾਰੀ ‘ਚ 11 ਚੌਕੇ ਤੇ 8 ਛੱਕੇ ਲਗਾਏ। ਰੋਹਿਤ ਨੇ ਐਂਜਲੋ ਮੈਥਿਊਜ਼ ਦੀ ਗੇਂਦ ‘ਤੇ ਚੌਕਾ ਲਗਾ ਕੇ ਇਸ ਰਿਕਾਰਡ ਦੀ ਬਰਾਬਰੀ ਕੀਤੀ।ਇਸ ਦੇ ਨਾਲ ਹੀ ਰੋਹਿਤ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ। 

ਇਸ ਤੋਂ ਪਹਿਲਾਂ ਇਹ ਰਿਕਾਰਡ ਕੇ.ਐਲ. ਰਾਹੁਲ ਦੇ ਨਾਂਅ ਸੀ, ਜਿਨ੍ਹਾਂ ਨੇ ਵੈਸਟ ਇੰਡੀਜ਼ ਖ਼ਿਲਾਫ਼ ਲਾਡਰਹਿਲਸ ‘ਚ 46 ਗੇਂਦਾਂ ‘ਤੇ ਸੈਂਕੜਾ ਬਣਾਇਆ ਸੀ। ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂਅ ਹੈ, ਜਿਨ੍ਹਾਂ ਨੇ ਆਈ.ਪੀ.ਐਲ. ‘ਚ ਰਾਇਲ ਚੈਲੰਜਰ ਬੈਂਗਲੋਰ ਵਲੋਂ ਖੇਡਦਿਆਂ ਪੂਣੇ ਵਾਰੀਅਰਜ਼ ਖ਼ਿਲਾਫ਼ 30 ਗੇਂਦਾਂ ‘ਤੇ ਸੈਂਕੜਾ ਬਣਾਇਆ ਸੀ।