ਪਲਵਲ, 2 ਜਨਵਰੀ : ਫ਼ੌਜ ਦੇ ਸੇਵਾਮੁਕਤ ਕੈਪਟਨ ਨੇ ਅੱਜ ਤੜਕੇ ਰਾਡ ਨਾਲ ਹਮਲਾ ਕਰ ਕੇ ਛੇ ਜਣਿਆਂ ਦੀ ਹਤਿਆ ਕਰ ਦਿਤੀ। ਮੰਨਿਆ ਜਾਂਦਾ ਹੈ ਕਿ ਹਤਿਆਰਾ ਮਾਨਸਕ ਰੋਗੀ ਹੈ। ਉਸ ਨੇ ਪੁਲਿਸ ਵਾਲਿਆਂ ਉਤੇ ਵੀ ਹਮਲਾ ਕਰ ਦਿਤਾ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਮੁਲਜ਼ਮ ਦੀ ਪਛਾਣ ਨਰੇਸ਼ ਧਨਖੜ (45) ਵਜੋਂ ਹੋਈ ਹੈ। ਉਸ ਨੇ ਤੜਕੇ ਦੋ ਵਜੇ ਤੋਂ ਸ਼ਾਮ ਚਾਰ ਵਜੇ ਵਿਚਕਾਰ ਘਟਨਾ ਨੂੰ ਅੰਜਾਮ ਦਿਤਾ। ਬੁਲਾਰੇ ਮੁਤਾਬਕ ਫ਼ੌਜ 'ਚੋਂ ਬੀਮਾਰੀ ਕਾਰਨ ਵੀਆਰਐਸ ਲੈਣ ਮਗਰੋਂ ਬੱਲਭਗੜ੍ਹ ਇਲਾਕੇ ਦਾ ਰਹਿਣ ਵਾਲਾ ਧਨਖੜ ਖੇਤੀ ਵਿਭਾਗ ਵਿਚ ਸੀਡੀਓ ਦੇ ਅਹੁਦੇ 'ਤੇ ਕੰਮ ਕਰਨ ਲੱਗ ਪਿਆ। ਪੁਲਿਸ ਨੇ ਦਸਿਆ ਕਿ ਉਸ ਨੇ ਸੱਭ ਤੋਂ ਪਹਿਲਾਂ ਇਕ ਔਰਤ ਨੂੰ ਮਾਰਿਆ ਜੋ ਨਿਜੀ ਹਸਪਤਾਲ ਦੀ ਦੂਜੀ ਮੰਜ਼ਲ 'ਤੇ ਸੌਂ ਰਹੀ ਸੀ। ਅੰਜੁਮ ਨਾਮਕ ਔਰਤ ਦੀ ਹਤਿਆ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਫਿਰ ਉਹ ਆਗਰਾ ਰੋਡ 'ਤੇ ਪਹੁੰਚ ਗਿਆ ਜਿਥੇ ਉਸ ਨੇ ਤਿੰਨ ਜਣਿਆਂ ਦੀ ਹਤਿਆ ਕਰ ਦਿਤੀ।
ਫਿਰ ਕੁੱਝ ਹੀ ਸਮੇਂ ਮਗਰੋਂ ਉਸ ਨੇ ਦੋ ਹੋਰ ਵਿਅਕਤੀਆਂ ਦੀ ਹਤਿਆ ਕਰ ਦਿਤੀ। ਕੁੱਝ ਲਾਸ਼ਾਂ ਦੀ ਸ਼ਨਾਖ਼ਤ ਹਾਲੇ ਨਹੀਂ ਹੋਈ। ਪਲਵਲ ਦੀ ਪੁਲਿਸ ਕਮਿਸ਼ਨਰ ਸੁਲੋਚਨਾ ਕੁਮਾਰ ਨੇ ਦਸਿਆ ਕਿ ਜਿਉਂ ਹੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਦੀ ਟੀਮ ਭੇਜ ਕੇ ਸੜਕ 'ਤੇ ਸੌਂ ਰਹੇ ਜਾਂ ਉਥੋਂ ਲੰਘ ਰਹੇ ਲੋਕਾਂ ਨੂੰ ਹਟਾ ਦਿਤਾ ਗਿਆ। ਉਨ੍ਹਾਂ ਦਸਿਆ ਕਿ ਜਿਉਂ ਹੀ ਦਿਨ ਚੜ੍ਹਿਆ, ਪੁਲਿਸ ਵਾਲਿਆਂ ਨੇ ਉਸ ਨੂੰ ਵੇਖਿਆ ਅਤੇ ਫੜਨ ਦੀ ਕੋਸ਼ਿਸ਼ ਕੀਤੀ। ਇਸ 'ਤੇ ਉਸ ਨੇ ਪੁਲਿਸ ਉਤੇ ਵੀ ਹਮਲਾ ਕਰ ਦਿਤਾ ਜਿਸ ਵਿਚ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮੁਲਾਜ਼ਮ ਨੂੰ ਫ਼ਰੀਦਾਬਾਦ ਦੇ ਹਸਪਤਾਲ ਵਿਚ ਭੇਜ ਦਿਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਉਸ ਨੇ ਕਿਸੇ ਨੂੰ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਸੁਰੱਖਿਆ ਗਾਰਡ, ਭਿਖਾਰੀ ਅਤੇ ਗ਼ਰੀਬ ਲੋਕ ਸਨ। ਧਨਖੜ ਨੂੰ ਗ੍ਰਿਫ਼ਤਾਰ ਕਰ ਕੇ ਸਦਰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਫ਼ਰੀਦਾਬਾਦ ਭੇਜ ਦਿਤਾ। ਅਧਿਕਾਰੀਆਂ ਮੁਤਾਬਕ ਪਹਿਲੀ ਨਜ਼ਰੇ ਲਗਦਾ ਹੈ ਕਿ ਇਨ੍ਹਾਂ ਹਤਿਆਵਾਂ ਪਿੱਛੇ ਕੋਈ ਕਾਰਨ ਨਹੀਂ ਹੈ। ਸ਼ਹਿਰ ਵਿਚ ਹਾਈ ਅਲਰਟ ਐਲਾਨ ਦਿਤਾ ਗਿਆ ਹੈ। (ਏਜੰਸੀ)