ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਐੱਲ. ਜੀ. ਅਨਿਲ ਬੈਜਲ ਵਿਚ ਲਗਾਤਾਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਤਲਵਾਰਾਂ ਖਿੱਚੀਆਂ ਹੀ ਰਹਿੰਦੀਆਂ ਹਨ। ਹੁਣ ਨਵਾਂ ਮਾਮਲਾ, ਜਿਸ 'ਤੇ ਸਰਕਾਰ ਅਤੇ ਐੱਲ. ਜੀ. ਵਿਚ ਖਿੱਚੋਤਾਣ ਸ਼ੁਰੂ ਹੋਈ ਹੈ ਉਹ ਹੈ, ਐੱਲ. ਜੀ. ਵਲੋਂ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਛੁੱਟੀਆਂ ਦੇਣਾ।
ਇਸ ਮਾਮਲੇ ਵਿਚ ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਨੇ ਐੱਲ. ਜੀ. ਦੇ ਨਾਂ 'ਤੇ ਇਕ ਚਿੱਠੀ ਲਿਖੀ ਹੈ। ਜੋ ਕਿ ਕਿਸੇ ਨੇ ਅਰਵਿੰਦ ਕੇਜਰੀਵਾਲ ਦੀ ਟਵਿੱਟਰ ਵਾਲ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਸਿਸੋਦੀਆ ਨੇ ਐੱਲ. ਜੀ. ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਤੁਸੀਂ ਇਸ ਹਫਤੇ ਦਿੱਲੀ ਸਰਕਾਰ ਦੇ ਅਨੇਕ ਸੀਨੀਅਰ ਅਧਿਕਾਰੀਆਂ ਨੂੰ ਛੁੱਟੀ ਦੇ ਦਿੱਤੀ ਹੈ।
ਜਿਸ ਕਾਰਨ ਦਿੱਲੀ ਸਰਕਾਰ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਸਰਕਾਰ ਲਗਭਗ ਪੰਗੂ ਜਿਹੀ ਬਣ ਕੇ ਰਹਿ ਗਈ ਹੈ। ਸਿਸੋਦੀਆ ਨੇ ਲਿਖਿਆ ਹੈ ਕਿ ਮੇਰੇ ਅਧੀਨ ਆਉਣ ਵਾਲੇ ਵਿੱਤ ਵਿਭਾਗ ਵਿਚ ਪ੍ਰਧਾਨ ਸਕੱਤਰ ਅਤੇ ਸਕੱਤਰ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਿਸ ਕਾਰਨ ਵਿੱਤ ਵਿਭਾਗ ਦਾ ਕੰਮਕਾਜ ਠੱਪ ਹੋ ਗਿਆ ਹੈ।
ਸਿਸੋਦੀਆ ਨੇ ਲਿਖਿਆ ਹੈ ਕਿ ਛੁੱਟੀ ਲੈਣਾ ਕਰਮਚਾਰੀਆਂ ਦਾ ਹੱਕ ਹੈ ਪਰ ਉਨ੍ਹਾਂ ਨੂੰ ਛੁੱਟੀ ਦੇਣ ਤੋਂ ਪਹਿਲਾਂ ਸਬੰਧਤ ਵਿਭਾਗ ਦੇ ਮੰਤਰੀ ਜਾਂ ਮੁੱਖ ਮੰਤਰੀ ਨਾਲ ਸਲਾਹ ਜ਼ਰੂਰ ਲੈ ਲਈ ਜਾਵੇ। ਅੱਜ ਹਾਲਤ ਇਹ ਹੈ ਕਿ ਸਵੇਰੇ ਦਫਤਰ ਪਹੁੰਚਣ 'ਤੇ ਹੀ ਮੰਤਰੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਵਿਭਾਗ ਦੇ ਅਧਿਕਾਰੀ ਛੁੱਟੀ 'ਤੇ ਹਨ ਅਤੇ ਵਿਭਾਗ ਦਾ ਸਾਰਾ ਕੰਮ ਰੁਕ ਗਿਆ ਹੈ। ਪੱਤਰ ਵਿਚ ਕਿਹਾ ਗਿਆ ਕਿ ਅਧਿਕਾਰੀਆਂ ਨੂੰ ਛੁੱਟੀ ਦੇਣ ਦਾ ਅਧਿਕਾਰ ਵਿਭਾਗ ਦੇ ਮੰਤਰੀ ਨੂੰ ਹੀ ਹੋਣਾ ਚਾਹੀਦਾ ਹੈ।
* ਚੰਦਨ ਤਿਵਾਰੀ ਨੇ ਲਿਖਿਆ ਕਿ ਅਜਿਹਾ ਹੈ ਕਿ ਕੰਮ ਤਾਂ ਭਾਵੇਂ ਆਫਿਸ ਸਟਾਫ ਨੇ ਹੀ ਕਰਨਾ ਹੁੰਦਾ ਹੈ ਤਾਂ ਜੇ ਕੋਈ ਐਮਰਜੈਂਸੀ ਹੋਵੇ ਤਾਂ ਵਟਸਐਪ 'ਤੇ ਪੁੱਛ ਲਿਆ ਕਰਨ। ਵੈਸੇ ਵੀ ਤਾਂ ਪੰਜਾਬ ਚੋਣਾਂ ਦੇ ਸਮੇਂ ਤੁਹਾਡੀ ਸਰਕਾਰ ਵਟਸਐਪ 'ਤੇ ਹੀ ਚਲਦੀ ਸੀ।
* ਸ਼ੈਲੇਂਦਰ ਗੌਤਮ ਨੇ ਲਿਖਿਆ ਕਿ ਕੋਹਲੀ ਨੇ ਰਿਸੈਪਸ਼ਨ ਵਿਚ ਨਹੀਂ ਬੁਲਾਇਆ, ਯੋਗੀ ਨੇ ਮੈਟਰੋ ਦੇ ਉਦਘਾਟਨ ਸਮਾਰੋਹ ਵਿਚ ਨਹੀਂ ਬੁਲਾਇਆ ਅਤੇ ਦਿੱਲੀ ਦੀ ਨਾਜਾਇਜ਼ ਬੇਕਬਜ਼ਾ ਸ਼ਾਸਕ ਜਿੱਲੇਇਲਾਹੀ ਖੁਜਲੀਵਾਲ ਨੇ ਤੁਗਲਕੀ ਫੁਰਮਾਨ ਸੁਣਾਇਆ... ਪਾਣੀ ਦੀਆਂ ਕੀਮਤਾਂ ਵਧਾ ਦਿੱਤੀਆਂ।