ਸ਼ਿਵ ਸੈਨਾ ਕਾਰਕੁਨਾਂ ਨੇ 500 ਤੋਂ ਵੱਧ ਮੀਟ ਦੀਆਂ ਦੁਕਾਨਾਂ ਕਰਾਈਆਂ ਬੰਦ

ਖਾਸ ਖ਼ਬਰਾਂ

ਗੁੜਗਾਉਂ - ਨਰਾਤਿਆਂ ਦੇ ਤਿਉਹਾਰ ਦੇ ਮੱਦੇਨਜ਼ਰ ਗੁੜਗਾਉਂ 'ਚ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ ਜ਼ਬਰਦਸਤੀ 500 ਤੋਂ ਵੱਧ ਮੀਟ ਤੇ ਚਿਕਨ ਦੀਆਂ ਦੁਕਾਨਾਂ ਬੰਦ ਕਰਾਈਆਂ ਗਈਆਂ। ਪਾਰਟੀ ਦੇ ਕਰਮਚਾਰੀ ਪਾਲਮ ਵਿਹਾਰ ਵਿੱਚ ਜਮਾਂ ਹੋਏ ਅਤੇ ਸੂਰਤ ਨਗਰ, ਅਸ਼ੋਕ ਵਿਹਾਰ, ਸੈਕਟਰ ਪੰਜ ਅਤੇ ਨੌ, ਪਟੌਦੀ ਚੌਕ, ਜੈਕਬਪੁਰਾ, ਸਦਰ ਬਾਜ਼ਾਰ, ਖਾਂਡਸਾ ਅਨਾਜ ਮੰਡੀ, ਬੱਸ ਸਟੈਂਡ, ਡੀਐਲਐਫ ਖੇਤਰ, ਸੋਹੰਦੜਾ ਅਤੇ ਸੈਕਟਰ 14 ਬਾਜ਼ਾਰ ਵਿੱਚ ਮਾਸ ਦੀਆਂ ਦੁਕਾਨਾਂ ਨੂੰ ਬੰਦ ਕਰਾ ਦਿੱਤਾ। 

ਸ਼ਿਵ ਸੈਨਾ ਗੁੜਗਾਉਂ ਵਿੰਗ ਦੇ ਜਨਰਲ ਸਕੱਤਰ ਤੇ ਬੁਲਾਰੇ ਰਿਤੂ ਰਾਜ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ 'ਚ ਹਰ ਮੀਟ ਤੇ ਚਿਕਨ ਦੀਆਂ ਦੁਕਾਨਾਂ ਨੂੰ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਇਨ੍ਹਾਂ ਦਿਸ਼ਾ ਨਿਰਦੇਸ਼ਾਂ 'ਤੇ ਗ਼ੌਰ ਨਹੀਂ ਕਰੇਗਾ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ ਪਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੇ ਮੀਟ ਤੇ ਚਿਕਨ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਤੇ ਕਿਸੇ ਨੂੰ ਵੀ ਕਾਨੂੰਨ ਹੱਥਾਂ ਵਿਚ ਲੈਣ ਦਾ ਕੋਈ ਹੱਕ ਨਹੀਂ ਹੈ। ਪੁਲਿਸ ਨੇ ਕਿਹਾ ਕਿ ਸ਼ਿਵ ਸੈਨਾ ਵਰਕਰਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਸਬੰਧੀ ਜੋ ਵੀ ਸ਼ਿਕਾਇਤ ਆਏਗੀ, ਉਸ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।