ਸੋਨਾ - ਚਾਂਦੀ ਦੀ ਕੀਮਤਾਂ 'ਚ ਭਾਰੀ ਗਿਰਾਵਟ

ਅੰਤਰਰਾਸ਼ਟਰੀ ਪੱਧਰ 'ਤੇ ਰਹੀ ਗਿਰਾਵਟ ਵਿਚਕਾਰ ਸੁਸਤ ਮੰਗ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਕੱਲ ਦੀ ਭਾਰੀ ਤੇਜ਼ੀ ਗੁਆਉਂਦਾ ਹੋਇਆ 30,100 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਉੱਥੇ ਹੀ, ਉਦਯੋਗਿਕ ਮੰਗ ਦੇ ਕਮਜ਼ੋਰ ਪੈਣ ਨਾਲ ਚਾਂਦੀ ਵੀ 500 ਰੁਪਏ ਡਿੱਗ ਕੇ 40,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਜਾਰੀ ਤਣਾਅ ਦੇ ਘੱਟ ਹੋਣ ਦੀ ਸੰਭਾਵਨਾ ਕਾਰਨ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਵੀ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਪਿਆ ਹੈ। ਹਾਲਾਂਕਿ ਸੰਸਾਰਕ ਮੰਚ 'ਤੇ ਹਫੜਾ-ਦਫੜੀ ਦੇ ਮਾਹੌਲ ਕਾਰਨ ਸੋਨੇ ਦੀ ਚਮਕ ਓਨੀ ਫਿੱਕੀ ਨਹੀਂ ਹੋ ਸਕੀ ਹੈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਰ 1.50 ਡਾਲਰ ਘੱਟ ਕੇ 1,309.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 4.6 ਡਾਲਰ ਡਿੱਗ ਕੇ 1,314.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਹਾਲਾਂਕਿ 0.03 ਡਾਲਰ ਦੀ ਤੇਜ਼ੀ ਨਾਲ 17.42 ਡਾਲਰ ਪ੍ਰਤੀ ਔਂਸ 'ਤੇ ਰਹੀ। ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਵੱਲੋਂ ਜਾਪਾਨ ਦੇ ਉੱਪਰ ਮਿਜ਼ਾਇਲ ਦਾਗੇ ਜਾਣ ਦੀ ਘਟਨਾ ਕਾਰਨ ਸੰਸਾਰਕ ਪੱਧਰ 'ਤੇ ਨਿਵੇਸ਼ਕ ਸੋਨੇ 'ਤੇ ਟੁੱਟ ਪਏ ਸਨ, ਜਿਸ ਨਾਲ ਘਰੇਲੂ ਬਾਜ਼ਾਰ 'ਚ ਇਸ ਦਾ ਮੁੱਲ 9 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਉਨ੍ਹਾਂ ਮੁਤਾਬਕ, ਸੋਨੇ ਦੀਆਂ ਕੀਮਤਾਂ 'ਚ ਅੱਜ ਆਈ ਗਿਰਾਵਟ ਡਾਲਰ ਦੀ ਮਜ਼ਬੂਤੀ ਅਤੇ ਮੁਨਾਫਾ ਵਸੂਲੀ ਕਾਰਨ ਹੈ। ਇਸ 'ਤੇ ਘਰੇਲੂ ਮੰਗ ਦਾ ਓਨਾ ਅਸਰ ਨਹੀਂ ਹੈ।