ਸੋਨੇ ਦੇ ਵਧੇ ਭਾਅ, ਦੀਵਾਲੀ ਤੱਕ ਹੋਰ ਮਹਿੰਗਾ ਹੋਣ ਦੇ ਆਸਾਰ

ਖਾਸ ਖ਼ਬਰਾਂ

ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਰਹੀ ਭਾਰੀ ਗਿਰਾਵਟ ਦੇ ਬਾਵਜੂਦ ਤਿਉਹਾਰੀ ਮੌਸਮ 'ਚ ਮੰਗ ਵਧਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਦੂਜੇ ਦਿਨ ਮਹਿੰਗਾ ਹੋਇਆ ਹੈ। ਉੱਥੇ ਹੀ ਪ੍ਰਾਪਤ ਜਾਣਕਾਰੀ ਮੁਤਾਬਿਕ ਦੀਵਾਲੀ ਤੱਕ ਸੋਨੇ ਦੀਆਂ ਕੀਮਤਾਂ 31 ਹਜ਼ਾਰ ਦੇ ਪਾਰ ਹੋਣ ਦੀ ਸੰਭਾਵਨਾ ਹੈ। ਅਜਿਹਾ ਭਾਰਤੀ ਕਰੰਸੀ ਦੇ ਕਮਜ਼ੋਰ ਹੋਣ ਨਾਲ ਸੋਨੇ ਦਾ ਇੰਪੋਰਟ ਮਹਿੰਗਾ ਹੋਣ ਅਤੇ ਮੰਗ ਵਧਣ ਕਾਰਨ ਹੋ ਸਕਦਾ ਹੈ। ਦੱਸ ਦਈਏ ਕਿ ਸੋਨਾ ਅੱਜ ਲਗਾਤਾਰ ਦੂਜੇ ਦਿਨ ਤੇਜ਼ੀ ਬਣਾਉਂਦਾ ਹੋਇਆ 220 ਰੁਪਏ ਵੱਧ ਕੇ 31,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। 

ਹਾਲਾਂਕਿ ਮਹਿੰਗੇ ਮੁੱਲ ਕਾਰਨ ਚਾਂਦੀ ਦੀ ਉਦਯੋਗਿਕ ਗਾਹਕੀ ਅੱਜ ਸੁਸਤ ਪੈ ਗਈ ਹੈ, ਜਿਸ ਕਾਰਨ ਇਹ 470 ਰੁਪਏ ਡਿੱਗ ਕੇ 40,800 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਕੌਮਾਂਤਰੀ ਪੱਧਰ 'ਤੇ ਲੰਡਨ 'ਚ ਸੋਨਾ 5.10 ਡਾਲਰ ਦੀ ਗਿਰਾਵਟ ਨਾਲ 1289.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 9.6 ਡਾਲਰ ਦੀ ਤੇਜ਼ ਗਿਰਾਵਟ ਨਾਲ 1,292.10 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ ਹਾਜ਼ਰ 'ਚ ਹਾਲਾਂਕਿ 0.01 ਡਾਲਰ ਦੀ ਮਜ਼ਬੂਤੀ ਰਹੀ ਅਤੇ ਇਹ 16.9 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਕੌਮਾਂਤਰੀ ਪੱਧਰ 'ਤੇ ਸੋਨੇ 'ਤੇ ਦਬਾਅ ਵਧਿਆ ਹੈ। ਇਸ ਦੇ ਨਾਲ ਹੀ ਇਸ ਸਾਲ ਦੇ ਅੰਤ ਤੱਕ ਫੈਡਰਲ ਰਿਜ਼ਰਵ ਵੱਲੋਂ ਇਕ ਵਾਰ ਹੋਰ ਵਿਆਜ ਦਰ ਵਧਾਏ ਜਾਣ ਦੀ ਸੰਭਾਵਨਾ ਤੇਜ਼ ਹੋ ਗਈ ਹੈ, ਜਿਸ ਨਾਲ ਨਿਵੇਸ਼ਕਾਂ ਦਾ ਰੁਝਾਨ ਸੋਨੇ 'ਚ ਘੱਟ ਹੋ ਗਿਆ ਹੈ। ਘਰੇਲੂ ਬਾਜ਼ਾਰ 'ਚ ਤਿਉਹਾਰੀ ਮੰਗ ਆ ਰਹੀ ਹੈ, ਜਿਸ ਕਾਰਨ ਸੋਨੇ 'ਤੇ ਸੰਸਾਰਕ ਦਬਾਅ ਓਨਾ ਹਾਵੀ ਨਹੀਂ ਹੈ।