ਸੋਨੀਆ ਗਾਂਧੀ ਨੂੰ ਪਛਾੜ ਸੁਸ਼ਮਾ ਸਵਰਾਜ ਬਣੀ ਦੇਸ਼ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਨੇਤਾ

ਨਵੀਂ ਦਿੱਲੀ : ਅੱਜ ਦੁਨੀਆ ਭਰ 'ਚ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਜਾ ਰਿਹਾ ਹੈ। ਭਾਰਤ 'ਚ ਵੀ ਕਈ ਥਾਵਾਂ 'ਤੇ ਔਰਤਾਂ ਲਈ ਪ੍ਰੋਗਰਾਮ ਕਰਵਾਏ ਗਏ ਹਨ। ਇਸ 'ਚ ਭਾਰਤ ਦੀ ਵਿਦੇਸ਼ ਮੰਤਰੀ ਅਤੇ ਬੀਜੇਪੀ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ, ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਪਛਾੜਦੇ ਹੋਏ ਦੇਸ਼ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਨੇਤਾ ਚੁਣੀ ਗਈ ਹੈ। 



ਇਸ ਨੂੰ ਲੈ ਕੇ ਕਰਾਏ ਗਏ ਇਕ ਸਰਵੇ 'ਚ ਸੁਸ਼ਮਾ ਸਵਰਾਜ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ ਹਨ। ਇਕ ਨਿੱਜੀ ਸਰਵੇ ਕਰਾਉਣ ਵਾਲੀ ਸੰਸਥਾ ਮੈਜਿਕਪਿਨ ਨੇ ਇਹ ਸਰਵੇ ਕਰਾਇਆ ਸੀ। ਇਸ 'ਚ ਦੂਜੇ ਨੰਬਰ 'ਤੇ ਪੁਡੁਚੇਰੀ ਦੀ ਰਾਜਪਾਲ ਕਿਰਨ ਬੇਦੀ ਰਹੇ। ਇਹ ਸਰਵੇ ਕਈ ਹੋਰ ਖੇਤਰਾਂ ਜਿਵੇਂ ਕਿ ਬਾਲੀਵੁੱਡ ਅਤੇ ਖੇਡ ਜਗਤ ਆਦਿ 'ਚ ਵੀ ਕਰਾਇਆ ਗਿਆ। ਬਾਲੀਵੁੱਡ ਕੈਟੇਗਰੀ 'ਚ ਸਵ: ਸ਼੍ਰੀਦੇਵੀ ਅਤੇ ਖੇਡਾਂ ਦੀ ਸ਼੍ਰੇਣੀ 'ਚ ਬਾਕਸਰ ਮੈਰੀਕੋਮ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ।



ਮੀਡੀਆ ਰਿਪੋਰਟ ਦੇ ਮੁਤਾਬਕ, ਸਰਵੇ 'ਚ 37 ਫ਼ੀਸਦੀ ਵੋਟ ਨਾਲ ਸੁਸ਼ਮਾ ਸਵਰਾਜ ਪਹਿਲੇ ਸਥਾਨ 'ਤੇ ਰਹੇ। ਉਨ੍ਹਾਂ ਨੂੰ ਦੇਸ਼ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਨੇਤਾ ਦੱਸਿਆ ਗਿਆ। 33 ਫੀਸਦੀ ਵੋਟ ਨਾਲ ਪੁਡੁਚੇਰੀ ਦੀ ਗਵਰਨਰ ਕਿਰਨ ਬੇਦੀ ਦੂਜੇ ਥਾਂ 'ਤੇ ਰਹੇ। 



ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਰਫ਼ 19 ਫੀਸਦੀ ਵੋਟ ਮਿਲੇ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਮਾਇਆਵਤੀ ਨੇ ਵੀ ਇਸ ਸੂਚੀ 'ਚ ਆਪਣੀ ਥਾਂ ਬਣਾਈ। ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਮਹਿਲਾ ਦੇ ਬਾਰੇ 'ਚ ਪੁੱਛੇ ਜਾਣ 'ਤੇ ਲੋਕਾਂ ਨੇ ਸਵ: ਸ਼੍ਰੀਦੇਵੀ ਨੂੰ ਸਭ ਤੋਂ ਜ਼ਿਆਦਾ ਵੋਟ ਦਿੱਤੇ।  



33 ਫ਼ੀਸਦੀ ਵੋਟਾਂ ਦੇ ਨਾਲ ਬਾਕਸਰ ਮੈਰੀਕੋਮ ਖੇਡ ਜਗਤ 'ਚ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਚੁਣੀ ਗਈ। 55 ਫੀਸਦੀ ਵੋਟਾਂ ਦੇ ਨਾਲ ਭਾਰਤ ਕੋਕਿਲਾ ਸਰੋਜਨੀ ਨਾਇਡੂ ਨੂੰ ਦੇਸ਼ ਦੀ ਸਭ ਤੋਂ ਪਸੰਦੀਦਾ ਲੇਖਿਕਾ ਦੱਸਿਆ ਗਿਆ। ਉਥੇ ਹੀ ਕਲਾ, ਵਿਗਿਆਨ ਅਤੇ ਸਭਿਆਚਾਰਕ ਦੇ ਖੇਤਰ 'ਚ ਸਵ: ਐਸਟਰੋਨਾਟ ਕਲਪਨਾ ਚਾਵਲਾ ਨੂੰ ਇਸ ਸਨਮਾਨ ਤੋਂ ਨਿਵਾਜ਼ਿਆ ਗਿਆ।