ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਦਾ ਰੂਹਾਨੀ ਅਹਿਸਾਸ, ਬਾਲੀਵੁੱਡ ਸਿਤਾਰਿਆਂ ਦੀ ਜ਼ੁਬਾਨੀ

ਖਾਸ ਖ਼ਬਰਾਂ

ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੂਰੀ ਦੁਨੀਆ ਦੇ ਲੋਕਾਂ ਲਈ ਸ਼ਰਧਾ ਦਾ ਅਸਥਾਨ ਹੈ। ਜ਼ਾਤ, ਧਰਮ, ਫਿਰਕੇ ਵਰਣ ਦੇ ਭੇਦਭਾਵ ਤੋਂ ਰਹਿਤ ਇਸ ਪਵਿੱਤਰ ਅਸਥਾਨ ਤੋਂ ਸਮੁੱਚੀ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਦੇਸ਼-ਵਿਦੇਸ਼ ਦੀਆਂ ਸਮਾਜਿਕ, ਧਾਰਮਿਕ, ਵਪਾਰ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਅਕਸਰ ਇੱਥੇ ਨਤਮਸਤਕ ਹੋਣ ਆਉਂਦੀਆਂ ਹਨ। ਅੱਜ ਅਸੀਂ ਕੁਝ ਅਜਿਹੇ ਹੀ ਦਿਲੀ ਅਹਿਸਾਸ ਤੁਹਾਡੇ ਤੱਕ ਪਹੁੰਚਾਉਣ ਜਾ ਰਹੇ ਹਾਂ ਜੋ ਮਨੋਰੰਜਨ ਜਗਤ ਦੇ ਵੱਡੇ ਚਿਹਰੇ ਮੰਨੇ ਜਾਂਦੇ ਬਾਲੀਵੁੱਡ ਅਦਾਕਾਰਾਂ ਨੇ ਇੱਥੋਂ ਦੀ ਯਾਤਰਾ ਦੌਰਾਨ ਸਾਂਝੇ ਕੀਤੇ।

ਅਦਾਕਾਰ ਸੁਨੀਲ ਸ਼ੈੱਟੀ 

ਸੁਨੀਲ ਸ਼ੈੱਟੀ ਸ੍ਰੀ ਦਰਬਾਰ ਸਾਹਿਬ ਨੂੰ ਮਨ ਮੋਹ ਲੈਣ ਵਾਲਾ ਦੱਸਦੇ ਹਨ। ਸ਼ੈੱਟੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਜਾਣ ਅਤੇ ਉੱਥੇ ਬੈਠਣ ਨਾਲ ਇੱਕ ਅਜੀਬ ਜਿਹੀ ਤਾਕਤ ਮਿਲਦੀ ਹੈ। ਸ਼ੈੱਟੀ ਨੇ ਕਿਹਾ ਕਿ ਮਨ ਭਾਵੁਕ ਹੋ ਜਾਂਦਾ ਹੈ ਅਤੇ ਅੱਖਾਂ ਵਿੱਚ ਹੰਝੂ ਭਰ ਜਾਂਦੇ ਹਨ। ਸੁਨੀਲ ਸ਼ੈੱਟੀ ਦਾ ਮੰਨਣਾ ਹੈ ਕਿ ਜਿਹੜੀਆਂ ਥਾਵਾਂ ਤੁਹਾਨੂੰ ਪ੍ਰਭਾਵਿਤ ਕਰਦਿਆਂ ਹਨ ਉਹਨਾਂ ਵਿੱਚ ਕੋਈ ਨਾ ਕੋਈ ਤਾਕਤ ਹੁੰਦੀ ਹੈ। ਸੁਨੀਲ ਸ਼ੈੱਟੀ 6-7 ਵਾਰ ਇੱਥੇ ਆ ਚੁੱਕੇ ਹਨ ਅਤੇ 4 ਵਾਰ ਉਹਨਾਂ ਨੇ ਆਪਣਾ ਜਨਮਦਿਨ ਗੁਰੂ ਚਰਨਾਂ ਵਿੱਚ ਮਨਾਇਆ ਹੈ। ਉਹਨਾਂ ਕਈ ਧਾਰਮਿਕ ਥਾਵਾਂ 'ਤੇ ਪੈਸੇ ਦੀ ਦੌੜ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਥਾਨ ਦੀ ਗੱਲ ਹੀ ਵੱਖਰੀ ਹੈ। ਲੱਖਾਂ ਲੋਕਾਂ ਦੇ ਲੰਗਰ ਛਕਣ ਅਤੇ ਭੇਦਭਾਵ ਤੋਂ ਬਿਨਾ ਸਭ ਨਾਲ ਇੱਕੋ ਜਿਹੇ ਵਰਤਾਓ ਬਾਰੇ ਸੁਨੀਲ ਸ਼ੈੱਟੀ ਕਹਿੰਦੇ ਹਨ ਕਿ ਉੱਥੇ ਹਾਜ਼ਿਰ ਸਾਰੇ ਲੋਕਾਂ ਦੇ ਚਿਹਰਿਆਂ 'ਤੇ ਚਿਹਰਿਆਂ 'ਤੇ ਇੱਕ ਵੱਖਰੀ ਕਿਸਮ ਦੀ ਸ਼ਾਂਤੀ ਅਤੇ ਸੁਕੂਨ ਹੁੰਦਾ ਹੈ। ਭਾਵੁਕ ਹੋਏ ਸੁਨੀਲ ਸ਼ੈੱਟੀ ਅੱਖਾਂ ਭਰ ਕੇ ਕਹਿੰਦੇ ਹਨ ਕਿ ਕੁਝ ਥਾਵਾਂ ਹੁੰਦੀਆਂ ਹਨ ਜਿੱਥੇ ਸਾਰੇ ਇੱਕ ਬਰਾਬਰ ਹੁੰਦੇ ਹਨ। 

ਆਪਣੇ ਸਮੇਂ ਦੇ ਸੁਪਰ ਸਟਾਰ ਜਤਿੰਦਰ ਬੜੇ ਮਾਣ ਨਾਲ ਦੱਸਦੇ ਹਨ ਕਿ ਉਹਨਾਂ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿਖੇ ਹੋਇਆ ਹੈ। ਜਤਿੰਦਰ ਦੇ ਮਾਪੇ ਇੱਥੋਂ ਦੇ ਰਹਿਣ ਵਾਲੇ ਸੀ। ਇੱਥੇ ਦਰਸ਼ਨ ਕਰਕੇ ਉਹ ਬਹੁਤ ਸੁਕੂਨ ਅਤੇ ਸ਼ਾਂਤੀ ਦਾ ਅਨੁਭਵ ਕਰਦੇ ਹਨ। ਜਤਿੰਦਰ ਕਹਿੰਦੇ ਹਨ ਕਿ ਉਹਨਾਂ ਨੇ ਮੱਥਾ ਟੇਕ ਜੋ ਵੀ ਮੰਗਿਆ ਹੈ ਪ੍ਰਮਾਤਮਾ ਨੇ ਹਰ ਖੁਸ਼ੀ ਉਹਨਾਂ ਦੀ ਝੋਲੀ ਪਾਈ ਹੈ। ਉਹ ਕਹਿੰਦੇ ਹਨ ਕਿ ਜਿੰਨੀ ਵਾਰ ਵੀ ਮੈਨੂੰ ਮੌਕਾ ਮਿਲੇ ਮੈਂ ਇੱਥੇ ਆਉਣਾ ਚਾਹੁੰਦਾ ਹਾਂ। ਜਤਿੰਦਰ ਪੰਜਾਬ ਦੇ ਲੋਕਾਂ ਦੀ ਵੀ ਬੜੀ ਪ੍ਰਸ਼ੰਸਾ ਕਰਦੇ ਹਨ ਅਤੇ ਅਕਸਰ ਸ਼ਾਇਰਾਨਾ ਅੰਦਾਜ਼ ਵਿੱਚ ਸ਼ਲਾਘਾ ਵੀ ਕਰਦੇ ਹਨ।

ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਨੇ ਆਪਣੀ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਨੂੰ ਪ੍ਰਮਾਤਮਾ ਦਾ ਹੁਕਮ ਦੱਸਿਆ। ਉਹਨਾਂ ਦਾ ਕਹਿਣਾ ਸੀ ਕਿ ਬੜੀ ਦੇਰ ਤੋਂ ਉਹ ਇੱਥੇ ਦਰਸ਼ਨ ਕਰਨਾ ਚਾਹੁੰਦੇ ਸੀ ਪਰ ਇਹ ਹੋ ਨਹੀਂ ਸਕਿਆ ਅਤੇ ਅੱਜ ਆਪਣੇ ਪੋਤੇ ਪੋਤੀਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇੱਥੇ ਮੱਥਾ ਟੇਕ ਕੇ ਉਹਨਾਂ ਨੂੰ ਬਹੁਤ ਸੁਕੂਨ ਮਿਲਿਆ ਹੈ। ਆਸ਼ਾ ਭੋਸਲੇ ਨੇ ਕਿਹਾ ਕਿ ਇਸ ਸਥਾਨ ਦੀ ਮਹਾਨਤਾ ਬਾਰੇ ਸਾਰੀ ਦੁਨੀਆ ਜਾਣਦੀ ਹੈ। ਆਸ਼ਾ ਭੋਸਲੇ ਨੇ ਕਿਹਾ ਮੈਨੂੰ ਸੋਨੇ ਚਾਂਦੀ ਜਾਂ ਕਿਸੇ ਦੁਨਿਆਵੀ ਚੀਜ਼ ਨਾਲ ਨਾਲ ਕੋਈ ਮਤਲਬ ਨਹੀਂ ਹੈ। ਆਪਣੇ ਮੱਥਾ ਟੇਕਣ ਦੀ ਗੱਲ ਦੱਸਦਿਆਂ ਆਸ਼ਾ ਭੋਸਲੇ ਨੇ ਭਾਵੁਕ ਹੁੰਦੀਆਂ ਕਿਹਾ ਕਿ ਅੰਦਰ ਪਹੁੰਚ ਮੈਨੂੰ ਇਂਝ ਲੱਗਿਆ ਕਿ ਜੀਵਨ ਇੱਥੇ ਹੀ ਖ਼ਤਮ ਹੋਣਾ ਚਾਹੀਦਾ ਹੈ। 

ਉਹਨਾਂ ਕਿਹਾ ਕਿ ਦਿਲ ਕਰਦਾ ਹੈ ਕਿ ਮੈਂ ਇੱਥੇ ਵਾਰ-ਵਾਰ ਆਵਾਂ। ਆਸ਼ਾ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਉਹਨਾਂ ਦੇ ਪੈਰਾਂ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਸ ਵੇਲੇ ਤੋਂ ਉਹ ਹੇਠਾਂ ਬੈਠ ਨਹੀਂ ਸਕਦੇ। ਉਹਨਾਂ ਕਿਹਾ ਕਿ ਮੈਂ ਪ੍ਰਮਾਤਮਾ ਨੂੰ ਕਿਹਾ ਕਿ ਇਹ ਤੁਹਾਡੀ ਮਰਜ਼ੀ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੇ ਗੋਡੇ ਹੇਠਾਂ ਲੱਗਣ ਤਾਂ ਉਹ ਹੇਠਾਂ ਜ਼ਰੂਰ ਲੱਗਣਗੇ ਅਤੇ ਗੋਡੇ ਹੇਠਾਂ ਲੱਗੇ ਵੀ। ਗੋਡੇ ਹੇਠਾਂ ਲੱਗਣ 'ਤੇ ਮੱਥਾ ਟੇਕਣ ਦੀ ਗੱਲ ਕਹਿੰਦਿਆਂ ਆਸ਼ਾ ਭੋਸਲੇ ਦਾ ਗਲ ਭਰ ਆਇਆ। ਆਸ਼ਾ ਭੋਸਲੇ ਨੇ ਅੱਗੇ ਕਿਹਾ ਕਿ ਇਸ ਮੌਕੇ ਮੈਨੂੰ ਅਹਿਸਾਸ ਹੋਇਆ ਕਿ ਕੋਈ ਤਾਕਤ ਹੈ ਜੋ ਮੈਨੂੰ ਕਹਿ ਰਹੀ ਹੈ ਕਿ ਤੂੰ ਇਹ ਕਰ ਸਕਦੀ ਹੈਂ ਅਤੇ ਮੈਨੂੰ ਹੁਣ ਇੰਨੀ ਤਾਕਤ ਮਿਲੀ ਹੈ ਕਿ ਮੈਂ ਮਰਦੇ ਦਮ ਤੱਕ ਗਾਵਾਂਗੀ ਕਿਉਂ ਕਿ ਪ੍ਰਮਾਤਮਾ ਨੇ ਮੈਨੂੰ ਹਿੰਮਤ ਦੇ ਦਿੱਤੀ ਹੈ। 

ਪੰਜਾਬੀ ਪੁੱਤਰ ਅਕਸ਼ੇ ਕੁਮਾਰ ਅਨੁਸਾਰ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਹੈ। ਉਹ ਕਹਿੰਦੇ ਹਨ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਅਤੇ ਮੇਰਾ ਪਰਿਵਾਰ ਹਰ ਸਾਲ ਜਿੰਨੀ ਵਾਰ ਵੀ ਹੋ ਸਕੇ ਇੱਥੇ ਦਰਸ਼ਨਾਂ ਲਈ ਆਉਣ। 

ਅਕਸ਼ੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੀ ਪੇਸ਼ੇਵਰ ਜ਼ਿੰਦਗੀ ਉਹਨਾਂ ਦੀ ਯਾਤਰਾ ਵਿੱਚ ਵਿਘਨ ਨਾ ਪਾਵੇ। ਇਸੇ ਕਾਰਨ ਅਕਸ਼ੇ ਅਕਸਰ ਹੀ ਅਜਿਹੇ ਸਵਾਲਾਂ ਨੂੰ ਪਸੰਦ ਨਹੀਂ ਕਰਦੇ ਜੋ ਯਾਤਰਾ ਦੀ ਬਜਾਏ ਬਾਲੀਵੁੱਡ 'ਤੇ ਆਧਾਰਿਤ ਹੋਣ। ਅਕਸ਼ੇ ਬਹੁਤ ਵਾਰ ਕੈਮਰੇ ਦੇ ਸਾਹਮਣੇ ਕਹਿ ਦਿੰਦੇ ਹਨ ਕਿ ਉਹ ਦਰਸ਼ਨਾਂ ਲਈ ਆਏ ਹਨ ਅਤੇ ਇਸੇ 'ਤੇ ਧਿਆਨ ਦੇਣਾ ਚਾਹੁੰਦੇ ਹਨ।