ਸ੍ਰੀ ਨਨਕਾਣਾ ਸਾਹਿਬ 'ਚ ਹੀ ਬਣਾਈ ਜਾਣੀ ਚਾਹੀਦੀ GNDU : ਬਡੂੰਗਰ

ਖਾਸ ਖ਼ਬਰਾਂ

ਅੰਮ੍ਰਿਤਸਰ — ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ 'ਚ ਬਣਾਈ ਜਾਣ ਵਾਲੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਜਗ੍ਹਾ ਮੁਰੀਦਕੇ ਜ਼ਿਲਾ ਸ਼ੇਖੁਪਰਾ 'ਚ ਤਬਦੀਲ ਕਰਨ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਹ ਯੂਨੀਵਰਸਿਟੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਸਥਾਨ ਸ੍ਰੀ ਨਨਕਾਣਾ ਸਾਹਿਬ 'ਚ ਹੀ ਬਣਾਈ ਜਾਣੀ ਚਾਹੀਦੀ ਹੈ। 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕਰਦੇ ਸਮੇਂ ਇਸ ਨੂੰ ਸ੍ਰੀ ਨਨਕਾਨਾ ਸਾਹਿਬ 'ਚ ਹੀ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਸ ਦਾ ਸਥਾਨ ਬਦਲਣ ਦੀ ਮੀਡੀਆ ਤੋਂ ਰਿਪੋਰਟ ਮਿਲੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਬੇਸ਼ੱਕ ਪਾਕਿਸਤਾਨ ਸਰਕਾਰ ਦਾ ਗੁਰੂ ਨਾਨਕ ਦੇਵ ਦੇ ਨਾਂ 'ਤੇ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਸ਼ਲਾਘਾਯੋਗ ਹੈ । 

 ਪਰ ਇਹ ਜ਼ਰੂਰੀ ਹੈ ਕਿ ਇਸ ਦੀ ਸਥਾਪਨਾ ਵੀ ਗੁਰੂ ਜੀ ਦੇ ਪ੍ਰਕਾਸ਼ 'ਚ ਹੀ ਹੋਵੇ। ਉਨ੍ਹਾਂ ਕਿਹਾ ਕਿ 2018 'ਚ ਆ ਰਹੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਸਾਬਕਾ ਸਮਾਗਮਾਂ ਦੀ ਯਾਦਗਾਰੀ ਬਣਾਉਣ ਲਈ ਅੱਜ ਜਦ ਸਿੱਖ ਜਗਤ ਵਲੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਯੂਨੀਵਰਸਿਟੀ ਸ੍ਰੀ ਨਨਕਾਨਾ ਸਾਹਿਬ ਦੀ ਜਗ੍ਹਾ ਕੀਤੇ ਹੋਰ ਬਣਾਉਣ ਦੀ ਸੂਚਨਾ ਨਾਲ ਸਿੱਖ ਸੰਗਤ 'ਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਸੰਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਇਹ ਮਾਮਲਾ ਪਾਕਿਸਤਾਨ ਸਰਕਾਰ ਦੇ ਸਾਹਮਣੇ ਚੁੱਕਣ ਦੀ ਮੰਗ ਵੀ ਕੀਤੀ।