ਦੁਬਈ/ਮੁੰਬਈ, 27 ਫ਼ਰਵਰੀ : ਦੁਬਈ ਪ੍ਰਸ਼ਾਸਨ ਨੇ ਅਦਾਕਾਰਾ ਸ੍ਰੀਦੇਵੀ ਦੀ ਮੌਤ ਦੇ ਮਾਮਲੇ ਦੀ ਜਾਂਚ ਬੰਦ ਕਰ ਦਿਤੀ ਹੈ ਅਤੇ ਫ਼ੋਰੈਂਜ਼ਿਕ ਰੀਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਸ ਦੀ ਬੇਹੋਸ਼ ਹੋਣ ਮਗਰੋਂ ਅਚਾਨਕ ਡਿੱਗ ਕੇ ਡੁੱਬਣ ਨਾਲ ਮੌਤ ਹੋਈ। ਸ੍ਰੀਦੇਵੀ ਦੇ ਪਰਵਾਰ ਨੂੰ ਉਸ ਦੀ ਲਾਸ਼ ਦੇ ਦਿਤੀ ਗਈ ਹੈ। ਜਿਹੜੀ ਦੇਰ ਰਾਤ ਮੁੰਬਈ ਲਿਆਂਦੀ ਗਈ।ਸਰਕਾਰ ਦੇ ਦੁਬਈ ਮੀਡੀਆ ਦਫ਼ਤਰ ਨੇ ਦਸਿਆ ਕਿ ਪੂਰੀ ਜਾਂਚ ਮਗਰੋਂ ਮ੍ਰਿਤਕ ਦੇਹ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ। ਕਿਹਾ ਗਿਆ ਹੈ ਕਿ ਭਾਰਤੀ ਅਭਿਨੇਤਰੀ ਦੀ ਮੌਤ ਦੀਆਂ ਹਾਲਤਾਂ ਦੀ ਜਾਂਚ ਪੂਰੀ ਹੋਣ ਮਗਰੋਂ ਉਸ ਦਾ ਮ੍ਰਿਤਕ ਸਰੀਰ ਉਸ ਦੇ ਪਰਵਾਰ ਨੂੰ ਸੌਂਪਣ ਦੀ ਪ੍ਰਵਾਨਗੀ ਦੇ ਦਿਤੀ ਗਈ। ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਜਿਹੜੀਆਂ ਤੈਅ ਪ੍ਰਕ੍ਰਿਆਵਾਂ ਦਾ ਪਾਲਣ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪੂਰਾ ਕਰ ਲਿਆ ਗਿਆ ਹੈ। ਫ਼ੋਰੈਂਜ਼ਿਕ ਰੀਪੋਰਟ ਮੁਤਾਬਕ ਭਾਰਤੀ ਅਭਿਨੇਤਰੀ ਦੀ ਮੌਤ ਬੇਹੋਸ਼ ਹੋਣ ਤੋਂ ਬਾਅਦ ਅਚਾਨਕ ਡੁੱਬਣ ਕਾਰਨ ਹੋਈ।ਉਹ ਹੋਟਲ ਦੇ ਬਾਥਰੂਮ ਦੇ ਟੱਬ ਵਿਚ ਡੁੱਬ ਕੇ ਮਰੀ। ਮਾਮਲੇ ਨੂੰ ਹੁਣ ਬੰਦ ਕਰ ਦਿਤਾ ਗਿਆ ਹੈ। ਉਹ ਜੁਮੇਰਾਹ ਐਮੀਰੇਟਸ ਟਾਵਰਜ਼ ਹੋਟਲ ਵਿਚ ਠਹਿਰੀ ਹੋਈ ਸੀ।