ਸੂਚਨਾ ਕਮਿਸ਼ਨ ਵਲੋਂ ਕੇਜਰੀਵਾਲ ਨੂੰ ਪੇਸ਼ ਹੋਣ ਦਾ ਹੁਕਮ

ਨਵੀਂ ਦਿੱਲੀ : ਸੀਆਈਸੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਰਟੀਆਈ ਅਰਜ਼ੀ ਦਾਇਰ ਕਰਨ ਵਾਲੇ ਵਿਅਕਤੀ ਨਾਲ ਜੁੜੇ ਵਿਸ਼ੇ ਵਿਚ ਉਨ੍ਹਾਂ ਨੂੰ ਅਪਣੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿਤਾ ਹੈ। ਦਰਅਸਲ, ਬਿਨੈਕਾਰ ਨੇ ਕੇਜਰੀਵਾਲ ਦੇ ਆਈਆਰਐਸ ਅਧਿਕਾਰੀ ਰਹਿਣ ਦੌਰਾਨ ਉਨ੍ਹਾਂ ਦੇ ਸੇਵਾ ਰੀਕਾਰਡ ਅਤੇ ਉਨ੍ਹਾਂ ਦੁਆਰਾ ਚਲਾਈ ਗਈ ਗ਼ੈਰ-ਸਰਕਾਰੀ ਸੰਸਥਾ ਬਾਰੇ ਸੂਚਨਾ ਮੰਗੀ ਹੈ। 

ਸੂਚਨਾ ਕਮਿਸ਼ਨਰ ਬਿਮਲੀ ਜੁਲਕਾ ਨੇ ਆਦੇਸ਼ ਦਿੱਤਾ ਕਿ ਕੇਜਰੀਵਾਲ ਨੂੰ ਖ਼ੁਦ ਹੀ ਮੌਜੂਦ ਰਹਿਣਾ ਪਵੇਗਾ ਜਾਂ ਅਪਣੇ ਪ੍ਰਤੀਨਿਧ ਨੂੰ ਭੇਜਣਾ ਪਵੇਗਾ ਜੋ ਇਸ ਬਾਰੇ ਦਲੀਲ ਪੇਸ਼ ਕਰਨਗੇ ਕਿ ਆਮਦਨ ਵਿਭਾਗ ਵਲੋਂ ਮੁੰਬਈ ਨਿਵਾਸੀ ਕੇਤਨ ਮੋਦੀ ਦੁਆਰਾ ਮੰਗੀ ਗਈ ਸੂਚਨਾ ਦਾ ਪ੍ਰਗਟਾਵਾ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। 

ਕੇਤਨ ਨੇ ਕੇਜਰੀਵਾਲ ਦੇ ਆਈਆਰਐਸ ਅਧਿਕਾਰੀ ਹੋਣ ਦੌਰਾਨ ਉਨ੍ਹਾਂ ਦੀ ਤਨਖ਼ਾਹ, ਛੁੱਟੀਆਂ, ਨੌਕਰੀ ਤੋਂ ਗ਼ੈਰਹਾਜ਼ਰੀ ਆਦਿ ਬਾਰੇ ਜਾਣਕਾਰੀ ਮੰਗੀ ਹੈ। ਆਮਦਨ ਵਿਭਾਗ ਨੇ ਕਿਹਾ ਹੈ ਕਿ ਜੋ ਸੂਚਨਾ ਮੰਗੀ ਗਈ ਹੈ, ਉਹ ਤੀਜੀ ਧਿਰ ਨਾਲ ਸਬੰਧਤ ਹੈ ਜੋ ਕੇਜਰੀਵਾਲ ਹਨ। 

ਸੂਚਨਾ ਕੇਜਰੀਵਾਲ ਦੀ ਸਹਿਮਤੀ ਲੈਣ ਮਗਰੋਂ ਹੀ ਦਿਤੀ ਜਾ ਸਕਦੀ ਹੈ। ਵਿਭਾਗ ਨੇ ਕਿਹਾ ਕਿ ਕੇਜਰੀਵਾਲ ਦਾ ਜਵਾਬ ਮੰਗਿਆ ਗਿਆ ਹੈ ਪਰ ਉਨ੍ਹਾਂ ਕੋਲੋਂ ਕੋਈ ਜਵਾਬ ਨਹੀਂ ਮਿਲਿਆ।