ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਾਮਚੁਰਾਸੀ ਵਿਚ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿਚ ਚੱਲ ਰਹੇ ਗ਼ੈਰਕਾਨੂੰਨੀ ਮਾਇਨਿੰਗ ਦੇ ਕੰਮ ਲਈ ਕਾਂਗਰਸੀ ਵਿਧਾਇਕ ਅਤੇ ਅਧਿਕਾਰੀ ਜ਼ਿੰਮੇਵਾਰ ਹਨ। ਇਸ ਕਰ ਕੇ ਹੀ ਪੁਲਿਸ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਚੰਗੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਅਤੇ ਮੰਤਰੀ ਰਾਣਾ ਗੁਰਜੀਤ ਦਾ ਨਾਂ ਮਾਇਨਿੰਗ ਮਾਮਲੇ ਨਾਲ ਜੁੜ ਚੁਕਿਆ ਹੈ ਅਤੇ ਉਹ ਇਸ ਮਾਮਲੇ ‘ਤੇ ਅਸਤੀਫ਼ਾ ਵੀ ਦੇ ਚੁਕੇ ਹਨ। ਪਰ ਅਸਤੀਫ਼ਾ ਦਿਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਨਾਂ ਇਸ ਮੁੱਦੇ ਨਾਲ ਵਾਰ-ਵਾਰ ਜੁੜ ਰਿਹਾ ਹੈ। ਸ਼ਾਮਚੁਰਾਸੀ ਵਿਚ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੁੱਝ ਸਮਾਂ ਪਹਿਲਾਂ ਇਹ ਗੱਲ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਸੱਦੀ ਸੀ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਗ਼ੈਰਕਾਨੂੰਨੀ ਮਾਇਨਿੰਗ ਬੰਦ ਕੀਤੀਆਂ ਜਾਣ ਪਰ ਫਿਰ ਵੀ ਗ਼ੈਰਕਾਨੂੰਨੀ ਮਾਇਨਿੰਗ ਦਾ ਕੰਮ ਬੇਰੋਕ ਜਾਰੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼ਹੀਦੀ ਸਮਾਰਕ ਦੇ ਉਦਘਾਟਨ ਨੂੰ ਜਾਂਦੇ ਸਮੇਂ ਉਨ੍ਹਾਂ ਨੇ ਅਪਣੇ ਹੈਲੀਕਾਪਟਰ ਦੇ ਰਾਹੀਂ ਗ਼ੈਰਕਾਨੂੰਨੀ ਮਾਇਨਿੰਗ ਦਾ ਕੰਮ ਅਪਣੇ ਅੱਖੀਂ ਦੇਖ ਲਿਆ ਹੈ। ਇਸ ਦਾ ਇਹੀ ਮਤਲਬ ਹੋ ਸਕਦਾ ਹੈ ਕਿ ਅਧਿਕਾਰੀਆਂ ਨੂੰ ਗ਼ੈਰਕਾਨੂੰਨੀ ਮਾਇਨਿੰਗ ਵਿਰੁਧ ਕਾਰਵਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ ‘ਚ ਕਾਂਗਰਸ ਸਰਕਾਰ ਬਹਿਸ ਤੋਂ ਇਸ ਲਈ ਭੱਜ ਰਹੀ ਹੈ ਕਿਉਂਕਿ ਸਰਕਾਰ ਕੋਲ ਇਕ ਸਾਲ ਦੇ ਕਾਰਜਕਾਲ ਦੌਰਾਨ ਦਸਣਯੋਗ ਕੋਈ ਵੀ ਪ੍ਰਾਪਤੀ ਨਹੀਂ ਹੈ।
ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ ਸਾਬਤ ਹੋ ਰਹੀ ਹੈ। ਇਹ ਚਾਹੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਗੱਲ ਹੋਵੇ ਜਾਂ ਫਿਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ, ਬੁਢਾਪਾ ਪੈਂਨਸਨ, ਨੌਜਵਾਨਾਂ ਨੂੰ ਸਮਾਰਟ ਫ਼ੋਨ, ਆਟਾ ਸਾਲ ਸਕੀਮ ਜਾਂ ਸਰਕਾਰ ਵਲੋਂ ਅਪਣੇ ਚੋਣ ਮਨੋਰਥ ਪੱਤਰ ਦੇ ਵਿਚ ਕੀਤੇ ਹੋਰ ਵੀ ਵਾਅਦੇ ਹੋਣ ਸਰਕਾਰ ਲਗਭਗ ਹਰ ਮੁੱਦੇ ‘ਤੇ ਹੀ ਫ਼ੇਲ ਰਹੀ ਹੈ।