ਸੁਪਰੀਮ ਕੋਰਟ 'ਚ ਹਿੰਦੂ ਲੜਕੀ ਅਖਿਲਾ ਉਰਫ਼ ਹਾਦੀਆ ਦੀ ਜਿੱਤ, ਰਹਿ ਸਕੇਗੀ ਮੁਸਲਿਮ ਪਤੀ ਦੇ ਨਾਲ

ਖਾਸ ਖ਼ਬਰਾਂ

ਨਵੀਂ ਦਿੱਲੀ : ਕੇਰਲ ਦੇ ਲਵ ਜਿਹਾਦ ਮਾਮਲੇ 'ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਹਾਦੀਆ ਉਰਫ ਅਖਿਲਾ ਅਸ਼ੋਕਨ ਦੇ ਨਿਕਾਹ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ ਉਸ ਫੈਸਲੇ ਨੂੰ ਵੀ ਪਲਟ ਦਿੱਤਾ ਹੈ, ਜਿਸ 'ਚ ਇਸ ਵਿਆਹ ਨੂੰ ਨਾਜਾਇਜ਼ ਕਰਾਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹਾਦੀਆ ਹੁਣ ਆਪਣੇ ਪਤੀ ਸ਼ਫੀ ਨਾਲ ਰਹਿ ਸਕੇਗੀ।



ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਐੱਨਆਈਏ ਇਸ ਮਾਮਲੇ ਦੇ ਪਹਿਲੂਆਂ ਦੀ ਜਾਂਚ ਜਾਰੀ ਰੱਖ ਸਕਦਾ ਹੈ। ਕੋਰਟ ਦੇ ਬਾਹਰ ਸ਼ਫੀ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਹਾਦੀਆ ਨੂੰ ਇਨਸਾਫ਼ ਦਿੱਤਾ ਹੈ। ਇਸ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਪਲਟ ਦਿੱਤਾ ਅਤੇ ਆਖਿਆ ਕਿ ਹਾਦੀਆ ਦਾ ਵਿਆਹ ਰੱਦ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਗਲਤ ਸੀ। ਕੋਰਟ ਨੇ ਕਿਹਾ ਕਿ ਹਾਦੀਆ ਆਪਣੀ ਪੜ੍ਹਾਈ ਜਾਰੀ ਰੱਖ ਸਕਦੀ ਹੈ ਅਤੇ ਜੋ ਉਹ ਚਾਹੁੰਦੀ ਹੈ ਕਰ ਸਕਦੀ ਹੈ।



ਦੱਸ ਦੇਈਏ ਕਿ ਪਿਛਲੇ ਸਾਲ ਹਿੰਦੂ ਲੜਕੀ ਹਾਦੀਆ ਨੇ ਮੁਸਲਿਮ ਧਰਮ ਅਪਣਾ ਕੇ ਸ਼ਫੀ ਜਹਾਂ ਨਾਂ ਦੇ ਸ਼ਖਸ ਨਾਲ ਨਿਕਾਹ ਕਰ ਲਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਅਸ਼ੋਕਨ ਕੇ. ਐੱਮ. ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ 'ਚ ਕੇਸ ਦਾਇਰ ਕੀਤਾ ਸੀ। ਹਾਈ ਕੋਰਟ ਨੇ ਇਸ ਨੂੰ 'ਲਵ ਜਿਹਾਦ' ਦਾ ਮਾਮਲਾ ਮੰਨਦੇ ਹੋਏ ਵਿਆਹ ਨੂੰ ਰੱਦ ਕਰ ਦਿੱਤਾ ਸੀ।



ਹਾਦੀਆ ਉਰਫ ਅਖਿਲਾ ਅਸ਼ੋਕਨ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਕੇ ਕਿਹਾ ਸੀ ਕਿ ਉਹ ਮੁਸਲਿਮ ਹੈ ਅਤੇ ਮੁਸਲਿਮ ਬਣੇ ਰਹਿਣਾ ਚਾਹੁੰਦੀ ਹੈ। 25 ਸਾਲ ਦੀ ਹਾਦੀਆ ਨੇ ਇਹ ਵੀ ਕਿਹਾ ਕਿ ਉਹ ਆਪਣੇ ਪਤੀ ਸ਼ਫੀ ਜਹਾਂ ਨਾਲ ਹੀ ਰਹਿਣਾ ਚਾਹੁੰਦੀ ਹੈ, ਜਿਸ ਨਾਲ ਵਿਆਹ ਲਈ ਉਸ ਨੇ ਆਪਣਾ ਧਰਮ ਬਦਲਦੇ ਹੋਏ ਇਸਲਾਮ ਕਬੂਲ ਕੀਤਾ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ।