ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਲਿਆਲਮ ਅਭਿਨੇਤਰੀ ਪ੍ਰਿਯਾ ਪ੍ਰਕਾਸ਼ ਵਾਰੀਅਰ ਅਤੇ ਫਿਲਮ 'ਓਰੂ ਅਦਾਰ ਲਵ' ਦੇ ਨਿਰਦੇਸ਼ਕ ਨੂੰ ਬੁੱਧਵਾਰ ਤੁਰੰਤ ਰਾਹਤ ਦਿੰਦੇ ਹੋਏ ਵਾਦ-ਵਿਵਾਦ ਵਾਲੇ ਇਕ ਗੀਤ 'ਮਾਣਿਕਯ ਮਲਰਾਏ ਪੂਵੀ' ਨੂੰ ਲੈ ਕੇ ਦਰਜ ਸਾਰੇ ਅਪਰਾਧਿਕ ਮੁਕੱਦਮਿਆਂ 'ਤੇ ਰੋਕ ਲਾ ਦਿੱਤੀ।
ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਖਾਨਵਿਲਕਰ ਤੇ ਜਸਟਿਸ ਡੀ. ਵਾਈ. ਚੰਦਰਚੂੜ 'ਤੇ ਆਧਾਰਿਤ ਬੈਂਚ ਨੇ ਵਕੀਲ ਦੀਆਂ ਦਲੀਲਾਂ ਸੁਣਨ ਪਿੱਛੋਂ ਉਕਤ ਮੁਕੱਦਮਿਆਂ 'ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ। ਨਾਲ ਹੀ ਤੇਲੰਗਾਨਾ ਅਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤੇ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਹੋਰ ਸੂਬੇ ਉਕਤ ਗੀਤ ਨੂੰ ਆਧਾਰ ਬਣਾ ਕੇ ਧਾਰਾ 200 ਅਧੀਨ ਦਾਇਰ ਸ਼ਿਕਾਇਤ 'ਤੇ ਅਮਲ ਨਹੀਂ ਕਰਨਗੇ। ਦੱਸਣਯੋਗ ਹੈ ਕਿ ਪ੍ਰਿਯਾ ਉਕਤ ਗੀਤ 'ਚ 26 ਸੈਕੰਡ ਦੀ ਇਕ ਕਲਿੱਪ ਕਾਰਨ ਸਨਸਨੀ ਬਣ ਗਈ ਸੀ।
ਇਸ ਕਲਿੱਪ 'ਚ ਉਹ ਆਪਣੇ ਕੋ-ਸਟਾਰ ਨੂੰ ਅੱਖਾਂ ਨਾਲ 'ਘਾਇਲ' ਕਰਦੀ ਨਜ਼ਰ ਆਈ ਸੀ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਪ੍ਰਿਆ ਪ੍ਰਕਾਸ਼ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਅੱਖ ਮਾਰਦੀ ਨਜ਼ਰ ਆ ਰਹੀ ਸੀ।
ਪ੍ਰਿਆ ਪ੍ਰਕਾਸ਼ ਦਾ ਇਹ ਵੀਡੀਓ ਇੰਨਾ ਜ਼ਿਆਦਾ ਵਾਇਰਲ ਹੋਇਆ ਕਿ ਉਹ ਰਾਤੋਂ-ਰਾਤ ਪੂਰੇ ਇੰਡੀਆ ਦੀ ਧੜਕਨ ਬਣ ਗਈ।ਇਸ ਤੋਂ ਇਲਾਵਾ 13 ਫਰਵਰੀ ਨੂੰ ਫਿਲਮ 'ਔਰੂ ਅਦਾਰ ਲਵ' ਦਾ ਇਕ ਟੀਜ਼ਰ ਲਾਂਚ ਹੋਇਆ ਹੈ। ਇਸ 'ਚ ਵੀ ਪ੍ਰਿਆ ਨੇ ਆਪਣੀਆਂ ਅਦਾਵਾਂ ਨਾਲ ਕਰੋੜਾਂ ਦਿਲਾਂ ਨੂੰ ਜਿੱਤ ਲਿਆ ਹੈ।