ਤਕਨੀਕੀ ਸੰਸਥਾਵਾਂ ਵਿਚ ਰੁਜ਼ਗਾਰ ਮੁਖੀ ਕੋਰਸ ਹੀ ਕਰਵਾਏ ਜਾਣਗੇ : ਚੰਨੀ

ਖਾਸ ਖ਼ਬਰਾਂ

ਖੰਨਾ, 11 ਨਵੰਬਰ (ਅਵਤਾਰ ਸਿੰਘ ਜੰਟੀ ਮਾਨ): ਪੰਜਾਬ ਸਰਕਾਰ ਦੇ ਤਕਨੀਕੀ ਸਿਖਿਆ ਬਾਰੇ ਵਿਭਾਗ ਦੇ ਕੈਬਿਨਟ ਮੰਤਰੀ ਸ. ਚਰਨਜੀਤ ਸਿਘ ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗ ਵਲੋਂ ਸਮੂਹ ਤਕਨੀਕੀ ਸੰਸਥਾਂਵਾਂ ਵਿਚ ਉਹੀ ਕੋਰਸ ਚਾਲੂ ਰੱਖੇ ਜਾਣਗੇ ਜਾਂ ਹੋਰ ਚਲਾਏ ਜਾਣਗੇ ਜਿਹੜੇ ਕੋਰਸਾਂ ਨੂੰ ਕਰਨ ਨਾਲ ਵਿਦਿਆਰਥੀਆਂ ਨੂੰ ਅੱਗੇ ਨੌਕਰੀ ਦੇ ਵਧੀਆ ਮੌਕੇ ਪ੍ਰਦਾਨ ਹੋਣਗੇ। ਅੱਜ ਸਥਾਨਕ ਗੁਲਜ਼ਾਰ ਇੰਸਟੀਚਿਊਟਸ ਵਿਚ ਪੰਜਾਬ ਟੈਕਨੀਕਲ ਯੂਨੀਵਰਸਟੀ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਇੰਟਰਜ਼ੋਨਲ ਯੂਥ ਫ਼ੈਸਟੀਵਲ ਦੌਰਾਨ ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਉੱਚ-ਪੱਧਰ ਦੀ ਤਕਨੀਕੀ ਸਿਖਿਆ ਮੁਹਈਆ ਕਰਵਾਉਣ ਲਈ ਦ੍ਰਿੜ ਯਤਨਸ਼ੀਲ ਹੈ ਤਾਂ ਜੋ 

ਨੌਜਵਾਨ ਤਕਨੀਕੀ ਸਿਖਿਆ ਪ੍ਰਾਪਤ ਕਰਨ ਉਪਰੰਤ ਅਪਣੇ ਪੈਰਾਂ 'ਤੇ ਖੜੇ ਹੋ ਸਕਣ ਇਸ ਲਈ ਉਨ੍ਹਾਂ ਦੇ ਵਿਭਾਗ ਵਲੋਂ ਤਕਨੀਕੀ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਉਹੀ  ਕੋਰਸ ਕਰਵਾਏ ਜਾਣਗੇ ਜਿਨ੍ਹਾਂ ਨੂੰ ਕਰਨ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਜ਼ਿਆਦਾ ਮੌਕੇ ਮਿਲਣਗੇ। ਸੂਬੇ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਨੂੰ ਪਿਛਲੇ ਦਸ ਸਾਲਾਂ ਦੌਰਾਨ ਅਕਾਲੀ - ਭਾਜਪਾ ਗਠਜੋੜ ਵਲੋਂ ਪਾਲਿਆ ਗਿਆ  ਸੀ  ਜਿਸ ਨੂੰ ਕਿ ਪੰਜਾਬ ਸਰਕਾਰ ਨੇ ਨੱਥ ਪਾਉਣ ਦੀ ਠਾਣੀ ਹੈ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਗੁਲਜ਼ਾਰ ਗਰੁਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸ.ਗੁਰਚਰਨ ਸਿੰਘ, ਕਾਰਜਕਾਰੀ ਡਾਇਰੈਕਟਰ ਸ. ਗੁਰਕੀਰਤ ਸਿੰਘ, ਪ੍ਰਿੰਸੀਪਲ ਬਰਿੰਦਰ ਸਿੰਘ ਬੇਦੀ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।