ਤਲਵਾਰ ਜੋੜਾ ਬਰੀ

ਖਾਸ ਖ਼ਬਰਾਂ

ਇਲਾਹਾਬਾਦ, 12 ਅਕਤੂਬਰ: ਇਲਾਹਾਬਾਦ ਹਾਈ ਕੋਰਟ ਨੇ ਆਰੂਸ਼ੀ-ਹੇਮਰਾਜ ਕਤਲਕਾਂਡ ਮਾਮਲੇ 'ਚ ਅੱਜ ਨੂਪੁਰ ਅਤੇ ਰਾਜੇਸ਼ ਤਲਵਾਰ ਨੂੰ ਇਹ ਕਹਿੰਦਿਆਂ ਨਿਰਦੋਸ਼ ਕਰਾਰ ਦੇ ਦਿਤਾ ਹੈ ਕਿ ਸਥਿਤੀਆਂ ਅਤੇ ਸਬੂਤ ਉਨ੍ਹਾਂ ਨੂੰ ਦੋਸ਼ੀ ਸਿੱਧ ਕਰਨ ਲਈ ਕਾਫ਼ੀ ਨਹੀਂ ਹਨ। ਜਸਟਿਸ ਬੀ.ਕੇ. ਨਾਰਾਇਣ ਅਤੇ ਜਸਟਿਸ ਏ.ਕੇ. ਮਿਸ਼ਰ ਦੀ ਬੈਂਚ ਨੇ ਤਲਵਾਰ ਜੋੜੇ ਨੂੰ ਉਨ੍ਹਾਂ ਦੀ ਪੁਤਰੀ ਆਰੂਸ਼ੀ ਤਲਵਾਰ ਅਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ ਦੇ ਮਾਮਲੇ 'ਚ ਗਾਜ਼ੀਆਬਾਦ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਵਿਰੁਧ ਦਾਇਰ ਅਪੀਲ ਮਨਜ਼ੂਰ ਕਰਦਿਆਂ ਉਕਤ ਹੁਕਮ ਜਾਰੀ ਕੀਤਾ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਆਰੂਸ਼ੀ ਅਤੇ ਹੇਮਰਾਜ ਦੇ ਕਤਲ ਦੇ ਮਾਮਲੇ 'ਚ ਤਲਵਾਰ ਜੋੜੇ ਨੂੰ 26 ਨਵੰਬਰ, 2013 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਿਛਲੇ ਲਗਭਗ 9 ਸਾਲ ਤੋਂ ਅਪਣੀ ਬੇਟੀ ਦੇ ਕਤਲ ਦੇ ਦੋਸ਼ ਹੇਠ ਜੀ ਰਹੇ ਤਲਵਾਰ ਜੋੜੇ ਨੂੰ ਰਾਹਤ ਦਿੰਦਿਆਂ ਅਦਾਲਤ ਨੇ ਕਿਹਾ ਕਿ ਸਥਿਤੀਆਂ ਅਤੇ ਰੀਕਾਰਡ 'ਚ ਦਰਜ ਸਬੂਤਾਂ ਮੁਤਾਬਕ ਤਲਵਾਰ ਜੋੜੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਤਰ੍ਹਾਂ ਉਸ ਨੇ ਤਲਵਾਰ ਜੋੜੇ ਨੂੰ ਗਾਜ਼ੀਆਬਾਦ ਦੀ ਸੀ.ਬੀ.ਆਈ. ਅਦਾਲਤ ਵਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰ ਦਿਤਾ ਹੈ।ਤਲਵਾਰ ਜੋੜੇ ਦੀ ਅਪੀਲ ਮਨਜ਼ੂਰ ਕਰਦਿਆਂ ਅਦਾਲਤ ਨੇ ਕਿਹਾ ਕਿ ਨਾ ਤਾਂ ਸਥਿਤੀਆਂ ਅਤੇ ਨਾ ਹੀ ਰੀਕਾਰਡ 'ਚ ਦਰਜ ਸਬੂਤਾਂ ਨਾਲ ਆਰੂਸ਼ੀ ਅਤੇ ਹੇਮਰਾਜ ਦੇ ਕਤਲ 'ਚ ਤਲਵਾਰ ਜੋੜੇ ਦੇ ਸ਼ਾਮਲ ਹੋਦ ਦੀ ਗੱਲ ਸਾਬਤ ਹੋ ਰਹੀ ਹੈ। ਅਦਾਲਤ ਨੇ ਦੋਹਾਂ ਅਪੀਲਕਰਤਾਵਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਦਾ 26 ਨਵੰਬਰ, 2013 ਦਾ ਫ਼ੈਸਲਾ ਰੱਦ ਕਰ ਦਿਤਾ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਰਾਜੇਸ਼ ਤਲਵਾਰ ਅਤੇ ਨੁਪੁਰ ਤਲਵਾਰ ਦੀ ਬੇਟੀ ਆਰੂਸ਼ੀ ਅਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ 'ਚ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੀ ਅਪੀਲ 'ਤੇ ਸੁਣਵਾਈ 1 ਅਗੱਸਤ ਨੂੰ ਮੁੜ ਸ਼ੁਰੂ ਕੀਤੀ ਸੀ। 

ਅਦਾਲਤ ਨੇ ਕਿਹਾ ਸੀ ਕਿ ਸੀ.ਬੀ.ਆਈ. ਦੇ ਬਿਆਨਾਂ 'ਚ ਮਿਲੀਆਂ ਕੁੱਝ ਆਪਾਵਿਰੋਧੀ ਗੱਲਾਂ ਕਰ ਕੇ ਇਸ ਮਾਮਲੇ ਦੀ ਮੁੜ ਸੁਣਵਾਈ ਕੀਤੀ ਜਾਵੇਗੀ।ਆਰੂਸ਼ੀ 15 ਮਈ, 2008 ਦੀ ਰਾਤ ਅਪਣੇ ਕਮਰੇ 'ਚ ਮ੍ਰਿਤਕ ਮਿਲੀ ਸੀ ਅਤੇ ਧਾਰਦਾਰ ਚੀਜ਼ ਨਾਲ ਉਸ ਦਾ ਗਲ ਵਢਿਆ ਗਿਆ ਸੀ। ਸ਼ੁਰੂਆਤ 'ਚ ਸ਼ੱਕ ਦੀ ਸੂਈ ਹੇਮਰਾਜ 'ਤੇ ਘੁੰਮੀ ਜੋ ਕਿ ਉਸ ਸਮੇਂ ਲਾਪਤਾ ਸੀ। ਪਰ ਦੋ ਦਿਨਾਂ ਬਾਅਦ ਹੇਮਰਾਜ ਦੀ ਲਾਸ਼ ਉਸ ਮਕਾਨ ਦੀ ਛੱਤ ਉਤੋਂ ਬਰਾਮਦ ਕੀਤੀ ਗਈ ਸੀ। ਕਾਫ਼ੀ ਸਮੇਂ ਤਕ ਅਖ਼ਬਾਰ ਦੀਆਂ ਸੁਰਖ਼ੀਆਂ 'ਚ ਰਹੇ ਇਸ ਮਾਮਲੇ ਦੀ ਠੀਕ ਤਰ੍ਹਾਂ ਜਾਂਚਨਾ ਕਰਨ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਿਸ ਦੀ ਤਿੱਖੀ ਆਲੋਚਨਾ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਮਾਇਆਵਤੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿਤੀ ਸੀ। ਹੁਣ ਤਾਂ ਭਾਵਨਾਹੀਣ ਹੋ ਗਿਆ ਹੈ ਤਲਵਾਰ ਜੋੜਾ : ਨੂਪੁਰ ਦੇ ਪਿਤਾਨਵੀਂ ਦਿੱਲੀ, 12 ਅਕਤੂਬਰ: ਨੁਪੁਰ ਤਲਵਾਰ ਦੇ ਪਿਤਾ ਨੇ ਅੱਜ ਕਿਹਾ ਕਿ ਅਪਣੀ ਬੇਟੀ ਆਰੂਸ਼ੀ ਦੇ ਕਤਲ ਤੋਂ 9 ਸਾਲਾਂ ਤਕ ਚੱਲੇ ਮੁਕੱਦਮੇ ਨੇ ਤਲਵਾਰ ਜੋੜੇ ਨੂੰ ਭਾਵਨਾਹੀਣ ਕਰ ਦਿਤਾ ਹੈ ਅਤੇ ਉਨ੍ਹਾਂ ਨੂੰ ਬਰੀ ਕਰਨ ਲਈ ਉਹ ਅਦਾਲਤ ਦਾ ਸ਼ੁਕਰਗੁਜ਼ਾਰ ਹਨ। ਹਵਾਈ ਫ਼ੌਜ ਦੇ ਸਾਬਕਾ ਗਰੁੱਪ ਕੈਪਟਨ ਬੀਜੀ ਚਿਟਨਿਸ ਨੇ ਕਿਹਾ ਕਿ ਅਪਣੀ ਬੇਟੀ ਨੁਪੁਰ ਅਤੇ ਉਸ ਦੇ ਪਤੀ ਰਾਜੇਸ਼ ਨੂੰ ਜੇਲ 'ਚ ਵੇਖਣਾ ਉਨ੍ਹਾਂ ਲਈ ਬਹੁਤ ਦੁਖਦਾਈ ਸੀ। ਆਰੂਸ਼ੀ ਦੀ ਨੇੜਲੀ ਰਿਸ਼ਤੇਦਾਰ ਵੰਦਨਾ ਤਲਵਾਰ ਨੇ ਕਿਹਾ ਕਿ ਮੁਕੱਦਮਾ ਲੰਮਾ ਖਿੱਚਣ ਕਰ ਕੇ ਪੂਰਾ ਪ੍ਰਵਾਰ ਲਗਭਗ ਇਕ ਦਹਾਕੇ ਤਕ ਪ੍ਰੇਸ਼ਾਨ ਰਿਹਾ। ਹਾਲਾਂਕਿ ਉਨ੍ਹਾਂ ਮਾਮਲੇ ਅਤੇ ਫ਼ੈਸਲੇ ਦੇ ਗੁਣ-ਦੋਸ਼ 'ਚ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਤਲਵਾਰ ਜੋੜੇ ਦਾ ਵਕੀਲ ਇਸ ਬਾਰੇ ਜਵਾਬ ਦੇਵੇਗਾ ਕਿ ਅਰੂਸ਼ੀ ਅਤੇ ਹੇਮਰਾਜ ਦਾ ਕਤਲ ਕਿਸ ਨੇ ਕੀਤਾ ਸੀ।  (ਪੀਟੀਆਈ)